ਓਵਰਲੋਡ ਕਮਰਸ਼ੀਅਲ ਵਾਹਨਾਂ ਨੇ ਧਾਰਿਆ ਕਾਲ ਦਾ ਰੂਪ, ਲੈ ਰਹੇ ਕਈ ਕੀਮਤੀ ਜਾਨਾਂ
Friday, Nov 10, 2017 - 04:43 AM (IST)
ਜਲੰਧਰ(ਅਮਿਤ)–ਸਮੋਗ ਨੇ ਇਕ ਪਾਸੇ ਲੋਕਾਂ ਦਾ ਸਾਹ ਲੈਣਾ ਦੁਭਰ ਕਰ ਦਿੱਤਾ ਹੈ, ਦੂਸਰੇ ਪਾਸੇ ਸੰਘਣੇ ਸਮੋਗ ਵਿਚ ਲਗਾਤਾਰ ਜ਼ਿੰਦਗੀ ਭਟਕ ਰਹੀ ਹੈ। ਪਿਛਲੇ 3 ਦਿਨਾਂ ਤੋਂ ਹੀ ਪ੍ਰਦੇਸ਼ 'ਚ 30 ਤਂੋ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਪ੍ਰਸ਼ਾਸਨ ਅਤੇ ਪੁਲਸ ਪੂਰੀ ਤਰ੍ਹਾਂ ਲਾਪ੍ਰਵਾਹ ਬਣੀ ਹੋਈ ਹੈ। ਨਾ ਤਾਂ ਪ੍ਰਸ਼ਾਸਨ ਨੇ ਧੁੰਦ ਵਿਚ ਵਾਹਨ ਚਾਲਕਾਂ ਨੂੰ ਰਸਤਾ ਦਿਖਾਉਣ ਲਈ ਕੋਈ ਪਹਿਲ ਕੀਤੀ ਹੈ ਅਤੇ ਨਾ ਹੀ ਪੁਲਸ ਆਪਣੀ ਜ਼ਿੰਮੇਦਾਰੀ ਨਿਭਾ ਰਹੀ ਹੈ । ਟ੍ਰੈਫਿਕ ਪੁਲਸ ਦੇ ਹਾਲਾਤ ਤਾਂ ਇੰਨੇ ਖਰਾਬ ਹਨ ਕਿ ਅਜੇ ਤਕ ਵਾਹਨਾਂ ਪਿੱਛੇ ਰਿਫਲੈਕਟਰ ਤਕ ਲਗਾਉਣ ਦਾ ਕੰਮ ਨਹੀਂ ਕੀਤਾ ਗਿਆ ਹੈ। ਸੜਕਾਂ 'ਤੇ ਦੌੜ ਰਹੇ ਓਵਰਲੋਡ ਕਮਰਸ਼ੀਅਲ ਵਾਹਨਾਂ ਨੇ ਕਾਲ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਲਗਾਤਾਰ ਕੀਮਤੀ ਜਾਨਾਂ ਨੂੰ ਨਿਗਲ ਰਹੇ ਹਨ।
ਟ੍ਰੈਫਿਕ ਵਿਭਾਗ ਵੱਲੋਂ ਸਖਤੀ ਵਰਤਣ ਦੀ ਲੋੜ
ਜਿਸ ਤਰ੍ਹਾਂ ਨਾਲ ਆਏ ਦਿਨ ਸ਼ਹਿਰ ਦੇ ਆਸ-ਪਾਸ ਓਵਰਲੋਡ ਕਮਰਸ਼ੀਅਲ ਵਾਹਨਾਂ ਕਾਰਨ ਸੜਕ ਦੁਰਘਟਨਾਵਾਂ ਹੋ ਰਹੀਆਂ ਹਨ, ਉਸਨੂੰ ਦੇਖਦੇ ਹੋਏ ਟ੍ਰੈਫਿਕ ਵਿਭਾਗ ਨੂੰ ਸਖਤੀ ਵਰਤਣ ਦੀ ਲੋੜ ਹੈ, ਕਿਉਂਕਿ ਅਕਸਰ ਕਿਸੇ ਸਿਫਾਰਿਸ਼ ਜਾਂ ਜੁਗਾੜ ਨਾਲ ਓਵਰਲੋਡ ਵਾਹਨਾਂ ਦਾ ਚਲਾਨ ਨਹੀਂ ਕੀਤਾ ਜਾਂਦਾ। ਇਸ ਸੈਟਿੰਗ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਸ ਤਰ੍ਹਾਂ ਦੇ ਵਾਹਨ ਕਿਸੇ ਯਮਰਾਜ ਦੀ ਤਰ੍ਹਾਂ ਸੜਕ 'ਤੇ ਚੱਲ ਰਹੇ ਹੋਰਾਂ ਲਈ ਜਾਨਲੇਵਾ ਸਾਬਤ ਹੁੰਦੇ ਹਨ।
ਕਿੱਥੇ ਗਈਆਂ ਫੋਗ ਲਾਈਟਾਂ ਤੇ ਸਪੈਸ਼ਲ ਪੁਲਸ ਦਸਤੇ?
ਪੁਲਸ ਦੇ ਟ੍ਰੈਫਿਕ ਵਿਭਾਗ ਵੱਲੋਂ ਕੁਝ ਸਾਲ ਪਹਿਲਾਂ ਤਕ ਠੰਡ ਦੇ ਇਨ੍ਹਾਂ ਦਿਨਾਂ ਵਿਚ ਧੁੰਦ ਤੇ ਸਮੋਗ ਦਾ ਜ਼ੋਰ ਰਹਿੰਦਾ ਸੀ, ਉਥੇ ਹਾਈਵੇ ਅਤੇ ਮੁੱਖ ਸੜਕਾਂ 'ਤੇ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਜਾਂਦੇ ਸਨ, ਜਿਨ੍ਹਾਂ ਕੋਲ ਵੱਡੀਆਂ-ਵੱਡੀਆਂ ਫੋਗ ਲਾਈਟਾਂ ਉਪਲਬੱਧ ਰਹਿੰਦੀਆਂ ਸਨ। ਇਨ੍ਹਾਂ ਦੀ ਸਹਾਇਤਾ ਨਾਲ ਉਹ ਸੰਘਣੇ ਸਮੋਗ ਕਾਰਨ ਰਸਤਾ ਭਟਕੇ ਰਾਹਗੀਰਾਂ ਨੂੰ ਰਸਤਾ ਦਿਖਾ ਕੇ ਉਨ੍ਹਾਂ ਦੀ ਸਹਾਇਤਾ ਕਰਦੇ ਸਨ। ਪਰ ਮੌਜੂਦਾ ਸਮੇਂ ਵਿਚ ਪੁਲਸ-ਪ੍ਰਸ਼ਾਸਨ ਦੇ ਇਹ ਸਪੈਸ਼ਲ ਦਸਤੇ ਪਤਾ ਨਹੀਂ ਕਿਥੇ ਹਨ?
ਨਗਰ ਨਿਗਮ ਦੀ ਜ਼ਿੰਮੇਵਾਰੀ
ਪਰਾਲੀ ਦੇ ਨਾਲ-ਨਾਲ ਸ਼ਹਿਰ ਵਿਚ ਸੁੱਕੇ ਪੱਤਿਆਂ ਅਤੇ ਕੂੜੇ ਦੇ ਢੇਰਾਂ ਨੂੰ ਖੁਲ੍ਹੇਆਮ ਅੱਗ ਲਗਾਈ ਜਾ ਰਹੀ ਹੈ। ਇਸਦੇ ਲਈ ਸਿੱਧੇ ਤੌਰ 'ਤੇ ਨਗਰ ਨਿਗਮ ਜਲੰਧਰ ਜ਼ਿੰਮੇਦਾਰ ਹੈ ਅਤੇ ਨਿਗਮ ਕਰਮਚਾਰੀ ਅਤੇ ਅਧਿਕਾਰੀ ਹੀ ਇਹ ਕੰਮ ਕਰ ਰਹੇ ਹਨ।
ਸੈਕਟਰੀ ਆਰ. ਟੀ. ਏ. ਨੂੰ ਨਿਰਦੇਸ਼ ਜਾਰੀ : ਡੀ. ਸੀ.
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਵਿਸ਼ੇਸ਼ ਨਿਰਦੇਸ਼ ਪ੍ਰਾਪਤ ਹੋਏ ਹਨ, ਜਿਸ ਤਹਿਤ ਸੈਕਟਰੀ ਆਰ. ਟੀ. ਏ. ਨੂੰ ਲਗਾਤਾਰ ਸਖਤ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਕਿਸੇ ਵੀ ਸੂਰਤ ਵਿਚ ਓਵਰਲੋਡ ਵਾਹਨਾਂ ਨੂੰ ਸੜਕਾਂ 'ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਡੀ. ਸੀ. ਨੇ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਸੱਦਾ ਦਿੱਤਾ ਹੈ ਕਿ ਤੈਅ ਲੋਡ ਲੈ ਕੇ ਗੱਡੀ ਚਲਾਉਣ। ਸਮੋਗ ਵਿਚ ਰਿਫਲੈਕਟਰ ਅਤੇ ਹੋਰ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਨ।
ਇਕ ਹਫਤੇ ਤੋਂ ਦਿਨ 'ਚ 6 ਘੰਟੇ ਹੋ ਰਹੀ ਫੀਲਡ ਚੈਕਿੰਗ : ਆਰ. ਟੀ. ਏ.
ਸੈਕਟਰੀ ਆਰ. ਟੀ. ਏ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਤੋਂ ਮਿਲੀ ਚਿਤਾਵਨੀ ਅਤੇ ਇਕ ਦਮ ਆਏ ਬਦਲਾਅ ਨੂੰ ਦੇਖਦੇ ਹੋਏ ਉਨ੍ਹਾਂ ਵੱਲਂੋ ਸੰਬੰਧਿਤ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਪਿਛਲੇ ਇਕ ਹਫਤੇ 'ਚ ਹਰ ਰੋਜ਼ ਲਗਭਗ 6 ਘੰਟੇ ਜਿਸ ਵਿਚ ਸਵੇਰੇ 4 ਅਤੇ ਸ਼ਾਮ ਨੂੰ 2 ਘੰਟੇ ਦੀ ਵਿਸ਼ੇਸ਼ ਫੀਲਡ ਚੈਕਿੰਗ ਕਰਵਾਈ ਜਾ ਰਹੀ ਹੈ। ਏ. ਟੀ. ਏ. ਬਲਬੀਰ ਸਿੰਘ ਆਪਣੇ ਸਟਾਫ ਨਾਲ ਲਗਾਤਾਰ ਸ਼ਹਿਰ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਤੇ ਨਿੱਜੀ ਤੌਰ 'ਤੇ ਚੈਕਿੰਗ ਕਰਕੇ ਓਵਰਲੋਡ ਵਾਹਨਾਂ ਦਾ ਚਲਾਨ ਕਰ ਰਹੇ ਹਨ। ਕੁੱਝ ਵਾਹਨ ਬਾਊਂਡ ਵੀ ਕੀਤੇ ਗਏ ਹਨ।
