ਬੱਸ ਤੇ ਟਰਾਲੇ ਦੀ ਸਿੱਧੀ ਟੱਕਰ, ਡਰਾਈਵਰਾਂ ਸਮੇਤ ਦਰਜਨ ਜ਼ਖਮੀ

Sunday, Nov 05, 2017 - 04:54 AM (IST)

ਬੱਸ ਤੇ ਟਰਾਲੇ ਦੀ ਸਿੱਧੀ ਟੱਕਰ, ਡਰਾਈਵਰਾਂ ਸਮੇਤ ਦਰਜਨ ਜ਼ਖਮੀ

ਮਲਸੀਆਂ(ਤ੍ਰੇਹਨ, ਮਰਵਾਹਾ)– ਕਰੀਬ 2 ਕਿਲੋਮੀਟਰ ਦੂਰ ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ 'ਤੇ ਅੱਜ ਸਵੇਰੇ ਕਰੀਬ 8 ਵਜੇ ਇਕ ਪ੍ਰਾਈਵੇਟ ਬੱਸ ਤੇ ਟਰਾਲੇ 'ਚ ਹੋਈ ਸਿੱਧੀ ਟੱਕਰ 'ਚ ਡਰਾਈਵਰਾਂ ਤੋਂ ਇਲਾਵਾ ਕਰੀਬ ਇਕ ਦਰਜਨ ਬੱਸ ਦੀਆਂ ਸਵਾਰੀਆਂ ਜ਼ਖਮੀ ਹੋ ਗਈਆਂ। ਬੱਸ ਚਾਲਕ ਦੀ ਸੂਝ-ਬੂਝ ਨਾਲ ਵੱਡਾ ਦੁਖਾਂਤ ਹੋਣ ਤੋਂ ਬਚ ਗਿਆ, ਜਿਸ ਨੇ ਬੱਸ ਨੂੰ ਇਕ ਪਾਸੇ ਮੋੜ ਲਿਆ। ਬੱਸ 'ਚ ਕਰੀਬ 30 ਸਵਾਰੀਆਂ ਮੌਜੂਦ ਸਨ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਪੈਟਰੋਲਿੰਗ ਪੁਲਸ ਪਾਰਟੀ ਦੇ ਏ. ਐੱਸ. ਆਈ. ਮੰਗਤ ਸਿੰਘ, ਏ. ਐੱਸ. ਆਈ. ਹਰਜੀਤ ਸਿੰਘ ਤੇ ਐੱਚ. ਸੀ. ਜੋਗਿੰਦਰ ਸਿੰਘ ਨੇ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਸ਼ਾਹਕੋਟ ਤੇ ਨਕੋਦਰ ਦੇ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਉਣ ਦਾ ਇੰਤਜ਼ਾਮ ਕੀਤਾ। ਲੋਕਾਂ ਨੇ ਦੱਸਿਆ ਕਿ ਹਾਦਸਾ ਵਾਪਰਨ ਤੋਂ ਕਰੀਬ ਇਕ ਘੰਟਾ ਬਾਅਦ 108 ਨੰਬਰ ਐਂਬੂਲੈਂਸ ਘਟਨਾ ਸਥਾਨ 'ਤੇ ਪਹੁੰਚੀ, ਜਦਕਿ ਐਂਬੂਲੈਂਸ ਪਹੁੰਚਣ ਤੋਂ ਪਹਿਲਾਂ ਹੀ ਪੁਲਸ ਪੈਟਰੋਲਿੰਗ ਪਾਰਟੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਚੁੱਕੀ ਸੀ।  ਏ. ਐੱਸ. ਆਈ. ਮੰਗਤ ਸਿੰਘ ਨੇ ਦੱਸਿਆ ਕਿ ਟਰੱਕ ਵੱਲੋਂ ਬੱਸ ਨੂੰ ਮਾਰੀ ਗਈ ਟੱਕਰ 'ਚ ਬੱਸ ਦਾ ਡਰਾਈਵਰ ਜਗਤਾਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਰਾਏਪੁਰ ਅਰਾਈਆਂ ਥਾਣਾ ਮਹਿਤਪੁਰ ਤੇ ਟਰੱਕ ਡਰਾਈਵਰ ਅਵਤਾਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕੰਡਿਆਲ ਥਾਣਾ ਧਰਮਕੋਟ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਕਰੀਬ ਇਕ ਦਰਜਨ ਬੱਸ ਦੀਆਂ ਸਵਾਰੀਆਂ ਵੀ ਜ਼ਖਮੀ ਹੋ ਗਈਆਂ। ਉਨ੍ਹਾਂ ਦੱਸਿਆ ਕਿ ਡਿਊਟੀ ਦੇ ਰਹੇ ਏ. ਐੱਸ. ਆਈ. ਹਰਜੀਤ ਸਿੰਘ ਤੇ ਹੌਲਦਾਰ ਜੋਗਿੰਦਰ ਸਿੰਘ ਦੀ ਮਦਦ ਨਾਲ ਉਨ੍ਹਾਂ ਨੇ ਪ੍ਰਾਈਵੇਟ ਵਾਹਨਾਂ ਰਾਹੀਂ ਜ਼ਖਮੀਆਂ ਨੂੰ ਸ਼ਾਹਕੋਟ ਤੇ ਨਕੋਦਰ ਦੇ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ। ਇਲਾਜ ਤੋਂ ਬਾਅਦ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਚੌਕੀ ਮਲਸੀਆਂ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਉਕਤ ਹਾਦਸਾ ਟਰੱਕ ਡਰਾਈਵਰ ਦੀ ਲਾਪ੍ਰਵਾਹੀ ਅਤੇ ਪਈ ਧੁੰਦ ਕਾਰਨ ਵਾਪਰਿਆ। ਉਨ੍ਹਾਂ ਕਿਹਾ ਕਿ ਟਰੱਕ ਮਾਲਕ ਤੇ ਬੱਸ ਅਧਿਕਾਰੀਆਂ ਦਰਮਿਆਨ ਇਸ ਘਟਨਾ ਦਾ ਆਪਸੀ ਸਮਝੌਤਾ ਹੋ ਗਿਆ ਹੈ। 


Related News