ਸਵਾਰੀਆਂ ਨਾਲ ਭਰੀ ਡਬਲ ਡੈੱਕਰ ਬੱਸ ਆਵਾਰਾ ਪਸ਼ੂ ਨਾਲ ਟਕਰਾਈ,40 ਜ਼ਖ਼ਮੀ
Friday, Jul 19, 2019 - 05:50 PM (IST)

ਬਨੂੜ (ਗੁਰਪਾਲ)—ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ 'ਤੇ ਸਵੇਰੇ ਤੜਕਸਾਰ 3.30 ਵਜੇ ਦਿੱਲੀ ਤੋਂ ਸਵਾਰੀਆਂ ਨਾਲ ਨੱਕੋ-ਨੱਕ ਭਰ ਕੇ ਜੰਮੂ ਕੱਟੜਾ ਜਾ ਰਹੀ ਡਬਲ ਡੈੱਕਰ ਬੱਸ ਬੇਸਹਾਰਾ ਪਸ਼ੂ ਨਾਲ ਟਕਰਾਅ ਗਈ। ਇਸ ਭਿਆਨਕ ਹਾਦਸੇ 'ਚ 40 ਸਵਾਰੀਆਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਦਿੱਲੀ ਤੋਂ ਇਕ ਯੂ. ਪੀ. ਨੰਬਰ ਬੱਸ ਸਵਾਰੀਆਂ ਨਾਲ ਭਰ ਕੇ ਜੰਮੂ ਵੱਲ ਜਾ ਰਹੀ ਸੀ। ਇਹ ਜਦੋਂ ਤੇਪਲਾ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ 'ਤੇ ਗੋਲਡਨ ਓਕ ਪੈਲੇਸ ਨਜ਼ਦੀਕ ਪਹੁੰਚੀ ਤਾਂ ਅਚਾਨਕ ਬੱਸ ਅੱਗੇ ਬੇਸਹਾਰਾ ਪਸ਼ੂ ਆ ਗਿਆ। ਬੱਸ ਚਾਲਕ ਨੇ ਉਸ ਨੂੰ ਬਚਾਉਣ ਲਈ ਬਰੇਕ ਲਾਈ ਤਾਂ ਉਹ ਸੰਤੁਲਨ ਗਵਾ ਬੈਠਾ ਅਤੇ ਬੱਸ ਖੇਤਾਂ 'ਚ ਪਲਟ ਗਈ। ਹਾਦਸਾ ਵਾਪਰਨ ਉਪਰੰਤ ਸੜਕ ਤੋਂ ਗੁਜ਼ਰਨ ਵਾਲੇ ਰਾਹਗੀਰ ਬੱਸ 'ਚੋਂ ਜ਼ਖ਼ਮੀਆਂ ਨੂੰ ਕੱਢਣ ਲੱਗੇ।
ਸੂਚਨਾ ਮਿਲਦੇ ਹੀ ਇੰਸਪੈਕਟਰ ਗੁਰਮੁਖ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੇ। ਉਨ੍ਹਾਂ ਪੁਲਸ ਪਾਰਟੀ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਪਲਟੀ ਹੋਈ ਬੱਸ 'ਚੋਂ ਕੱਢਣਾ ਸ਼ੁਰੂ ਕਰ ਦਿੱਤਾ। ਬੱਸ ਸਵਾਰ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਹਾਦਸੇ 'ਚ ਬੱਸ ਅੱਗੇ ਆਉਣ ਵਾਲੇ ਬੇਸਹਾਰਾ ਪਸ਼ੂ ਦੀ ਥਾਂ 'ਤੇ ਹੀ ਮੌਤ ਹੋ ਗਈ।
ਸੰਪਰਕ ਕਰਨ 'ਤੇ ਥਾਣਾ ਮੁਖੀ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਬੱਸ 'ਚ 3 ਦਰਜਨ ਤੋਂ ਜ਼ਿਆਦਾ ਸਵਾਰੀਆਂ ਸਨ। ਸਾਰੀਆਂ ਸਵਾਰੀਆਂ ਦੇ ਹੀ ਸੱਟਾਂ ਲੱਗੀਆਂ ਹਨ। ਜ਼ਿਆਦਾਤਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਅਤੇ ਕੁਝ ਸਵਾਰੀਆਂ ਦੇ??? ਕਵੀਸ਼ਰ?? ਤਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਮੋਹਨ ਸਿੰਘ ਇਸ ਹਾਦਸੇ ਦੇ ਵਾਪਰਨ ਦੀ ਜਾਂਚ ਕਰ ਰਹੇ ਹਨ। ਜਾਂਚ ਕਰਨ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਬਨੂੜ ਇਲਾਕੇ 'ਚ ਅਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ ਪਰੰਤੂ ਸਰਕਾਰ ਵੱਲੋਂ ਗਊ ਸੈੱਸ ਦੇ ਨਾਂ 'ਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਇਨ੍ਹਾਂ ਅਵਾਰਾ ਪਸ਼ੂਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਲਾਕੇ ਦੇ ਉੱਘੇ ਸਮਾਜ ਸੇਵਕ ਡਾ. ਭੁਪਿੰਦਰ ਸਿੰਘ ਮਨੌਲੀ ਸੂਰਤ ਅਤੇ ਜਗਜੀਤ ਸਿੰਘ ਛੜਬੜ ਅਕਾਲੀ ਆਗੂ ਸ਼ਿਵ ਕੁਮਾਰ ਯਾਦਵ ਤੋਂ ਇਲਾਵਾ ਹੋਰ ਵਸਨੀਕਾਂ ਨੇ ਸੂਬਾ ਸਰਕਾਰ ਤੋਂ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ।