ਭਿਆਨਕ ਹਾਦਸੇ ’ਚ ਦੋ ਭੱਠਾ ਮਜ਼ਦੂਰਾਂ ਦੀ ਮੌਕੇ ’ਤੇ ਮੌਤ, ਇਕ ਦੀ ਹਾਲਤ ਗੰਭੀਰ

Tuesday, Nov 14, 2023 - 06:22 PM (IST)

ਭਿਆਨਕ ਹਾਦਸੇ ’ਚ ਦੋ ਭੱਠਾ ਮਜ਼ਦੂਰਾਂ ਦੀ ਮੌਕੇ ’ਤੇ ਮੌਤ, ਇਕ ਦੀ ਹਾਲਤ ਗੰਭੀਰ

ਮਾਛੀਵਾੜਾ ਸਾਹਿਬ (ਟੱਕਰ) : ਅੱਜ ਸ਼ਾਮ ਸਰਹਿੰਦ ਨਹਿਰ ਕਿਨਾਰੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 2 ਭੱਠਾ ਮਜ਼ਦੂਰਾਂ ਯੋਗੇਸ਼ ਅਤੇ ਸੁਨੀਲ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਇਕ ਹੋਰ ਸਾਥੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਯੋਗੇਸ਼, ਸੁਨੀਲ ਤੇ ਇਨ੍ਹਾਂ ਦਾ ਇਕ ਹੋਰ ਸਾਥੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੱਸੀ ਗੁੱਜਰਾਂ ਵਿਖੇ ਆਪਣੇ ਭੱਠੇ ਵੱਲ ਵਾਪਸ ਜਾ ਰਹੇ ਸਨ ਕਿ ਰਸਤੇ ਵਿਚ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਫੇਟ ਮਾਰ ਦਿੱਤੀ ਜਿਸ ਵਿਚ ਇਹ ਸਾਰੇ ਸੜਕ ’ਤੇ ਗਿਰ ਪਏ। ਇਸ ਹਾਦਸੇ ਵਿਚ ਯੋਗੇਸ਼ ਤੇ ਸੁਨੀਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਨ੍ਹਾਂ ਦਾ ਤੀਜਾ ਸਾਥੀ ਜਿਸ ਦੀ ਪਹਿਚਾਣ ਨਾ ਹੋ ਸਕੀ ਉਹ ਗੰਭੀਰ ਜਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਮੌਕੇ ’ਤੇ ਪਹੁੰਚ ਗਏ ਅਤੇ ਮ੍ਰਿਤਕਾਂ ਦੀ ਜੇਬ ’ਚੋਂ ਮਿਲੇ ਮੋਬਾਇਲਾਂ ਤੋਂ ਉਨ੍ਹਾਂ ਦੇ ਨਾਂਵਾ ਦੀ ਪਹਿਚਾਣ ਹੋ ਸਕੀ। ਇਹ ਵੀ ਜਾਣਕਾਰੀ ਮਿਲੀ ਕਿ ਦੋਵੇਂ ਮ੍ਰਿਤਕ ਬੱਸੀ ਗੁੱਜਰਾਂ ਵਿਖੇ ਇੱਟਾਂ ਦੇ ਭੱਠੇ ’ਤੇ ਮਜ਼ਦੂਰੀ ਕਰਦੇ ਸਨ ਪਰ ਸੜਕ ਹਾਦਸੇ ਨੇ ਇਨ੍ਹਾਂ ਦੀ ਜਾਨ ਲੈ ਲਈ। ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਦੋਵੇਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਇਨ੍ਹਾਂ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਹੈ। ਮ੍ਰਿਤਕ ਸੁਨੀਲ ਜੋ ਕਿ ਮੁਜੱਫ਼ਰਨਗਰ (ਯੂ.ਪੀ.) ਨਾਲ ਸਬੰਧ ਰੱਖਦਾ ਹੈ ਜੋ ਕਿ ਪੰਜਾਬ ਵਿਚ ਮਿਹਨਤ ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ।


author

Gurminder Singh

Content Editor

Related News