ਜਿੰਮ ਤੋਂ ਪਰਤ ਰਹੀ ਔਰਤ ਦੀ ਭਿਆਨਕ ਹਾਦਸੇ ’ਚ ਮੌਤ

Tuesday, Jun 14, 2022 - 05:20 PM (IST)

ਜਿੰਮ ਤੋਂ ਪਰਤ ਰਹੀ ਔਰਤ ਦੀ ਭਿਆਨਕ ਹਾਦਸੇ ’ਚ ਮੌਤ

ਸਾਦਿਕ (ਪਰਮਜੀਤ) : ਅੱਜ ਸਵੇਰੇ 10 ਕੁ ਵਜੇ ਸਾਦਿਕ-ਮੁਕਤਸਰ ਸੜਕ ’ਤੇ ਇਕ ਸੜਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਰੋਸ਼ਨ ਨਾਲ ਬਿਜਲੀ ਵਾਲਾ ਦੀ ਨੂੰਹ ਯੋਗਿਤਾ ਪਤਨੀ ਗੁਰਪ੍ਰੀਤ ਸਿੰਘ ਸਵੇਰੇ ਆਪਣੀ ਸਾਥਣ ਨਾਲ ਜਿੰਮ ਜਾ ਕੇ ਵਾਪਸ ਪਰਤ ਰਹੀ ਸੀ। ਰਸਤੇ ਵਿਚ ਅਚਾਨਕ ਸਕੂਟਰੀ ਸੜਕ ਵਿਚ ਪਏ ਟੋਏ ਵਿਚ ਵੱਜਣ ਕਾਰਨ ਸੰਤੁਲਨ ਵਿਗੜ ਗਿਆ ਅਤੇ ਸਕੂਟਰੀ ਚਲਾ ਰਹੀ ਔਰਤ ਰੂਚਿਕਾ ਅਰੋੜਾ ਸੜਕ ਦੇ ਕਿਨਾਰੇ ਵਾਲੇ ਪਾਸੇ ਡਿੱਗ ਪਈ ਜਦੋਂ ਕਿ ਪਿੱਛੇ ਬੈਠੀ ਯੋਗਤਾ ਬਜਾਜ ਸੜਕ ਵਾਲੇ ਪਾਸੇ ਨੂੰ ਡਿੱਗ ਪਈ। ਇਸ ਦੌਰਾਨ ਸਾਦਿਕ ਬੱਸ ਅੱਡੇ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਚੱਲੀ ਬੱਸ ਉਥੇ ਆ ਗਈ ਅਤੇ ਯੋਗਿਤਾ ਦਾ ਸਿਰ ਟਾਇਰ ਨਾਲ ਜਾ ਵੱਜਾ ਅਤੇ ਸਿਰ ਬੁੱਰੀ ਤਰ੍ਹਾਂ ਫਿੱਸ ਗਿਆ। ਬੱਸ ਡਰਾਈਵਰ ਨੇ ਇਕ ਵਾਰ ਬੱਸ ਰੋਕੀ ਤੇ ਹਾਦਸਾ ਦੇਖ ਕੇ ਬੱਸ ਤੋਰ ਕੇ ਲੈ ਗਿਆ ਤਾਂ ਜਗਮੋਹਨ ਸਿੰਘ ਬਰਾੜ ਤੇ ਸਾਥੀਆਂ ਨੇ ਗੱਡੀ ਮਗਰ ਲਗਾ ਕੇ ਬੱਸ ਨੂੰ ਸ੍ਰੀ ਮੁਕਤਸਰ ਸਾਹਿਬ ਕੋਲੋਂ ਵਾਪਸ ਮੋੜ ਕੇ ਥਾਣਾ ਸਾਦਿਕ ਲਿਆਦਾਂ।

ਇਸ ਦੌਰਾਨ ਨੇੜਲੇ ਦੁਕਾਨਦਾਰਾਂ ਤੁਰੰਤ ਯੋਗਿਤਾ ਨੂੰ ਚੁੱਕ ਕੇ ਕਾਰ ਵਿਚ ਪਾ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲੈ ਗਏ ਜਿਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਾਦਿਕ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਦੀ ਕਾਰਵਾਈ ਆਰੰਭ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੁਖਦਾਈ ਘਟਨਾ ਨਾਲ ਜਿੱਥੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਉਥੇ ਹੀ ਲੋਕਾਂ ਵੱਲੋਂ ਸੜਕ ਬਣਾਉਣ ਨੂੰ ਲੈ ਕੇ ਕੰਮ ਰੋਕਣ ਵਾਲੇ ਸਮਾਜ ਸੇਵੀਆਂ ਨੂੰ ਵੀ ਕੋਸਿਆ ਗਿਆ ਕਿ ਕਿਸ ਤਰ੍ਹਾਂ ਉਨ੍ਹਾਂ ਕਾਰਨ ਨਿੱਤ ਦਿਨ ਕੀਮਤੀ ਜਾਨਾਂ ਜਾ ਰਹੀਆਂ ਹਨ। ਮ੍ਰਿਤਕ ਆਪਣੇ ਪਿੱਛੇ ਪਤੀ ਤੋਂ ਇਲਾਵਾ ਦੋ ਬੇਟੀਆਂ ਨੂੰ ਰੋਂਦਿਆਂ ਛੱਡ ਗਈ।


author

Gurminder Singh

Content Editor

Related News