ਪੰਜਾਬ ''ਚ ਵੱਡਾ ਹਾਦਸਾ, ਰੇਲ ਹੇਠਾਂ ਆਏ ਦੋ ਵਿਅਕਤੀਆਂ ਦੀ ਦਰਦਨਾਕ ਮੌਤ

Thursday, Sep 11, 2025 - 05:34 PM (IST)

ਪੰਜਾਬ ''ਚ ਵੱਡਾ ਹਾਦਸਾ, ਰੇਲ ਹੇਠਾਂ ਆਏ ਦੋ ਵਿਅਕਤੀਆਂ ਦੀ ਦਰਦਨਾਕ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ ਦੇ ਜਲਾਲਾਬਾਦ ਰੋਡ ਰੇਲਵੇ ਫਾਟਕ ’ਤੇ ਪਟੜੀ ’ਤੇ ਸੁੱਤੇ ਦੋ ਵਿਅਕਤੀਆਂ ਦੀ ਰੇਲ ਗੱਡੀ ਨਾਲ ਕੱਟਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੁਕਤਸਰ ਦੇ ਜਲਾਲਾਬਾਦ ਰੋਡ ਰੇਲਵੇ ਫਾਟਕ ਕੋਲ ਪਟੜੀ ’ਤੇ ਅਕਸਰ ਮਜ਼ਦੂਰ ਅਤੇ ਨਸ਼ੇੜੀ ਕਿਸਮ ਦੇ ਲੋਕ ਪਏ ਰਹਿੰਦੇ ਹਨ। ਰੇਲਵੇ ਅਧਿਕਾਰੀਆਂ ਵੱਲੋਂ ਕਈ ਵਾਰ ਉਨ੍ਹਾਂ ਨੂੰ ਇਥੋਂ ਹਟਾਇਆ ਗਿਆ ਹੈ ਪਰ ਉਹ ਫਿਰ ਇੱਥੇ ਹੀ ਆ ਕੇ ਲੇਟ ਜਾਂਦੇ ਹਨ।

ਵੀਰਵਾਰ ਦੀ ਦੁਪਹਿਰ ਲਗਭਗ ਇਕ ਵਜੇ ਜਦੋਂ ਕੋਟਕਪੂਰਾ ਤੋਂ ਚੱਲ ਕੇ ਫਾਜ਼ਿਲਕਾ ਵੱਲ ਜਾਣ ਲਈ ਰੇਲ ਗੱਡੀ ਮੁਕਤਸਰ ਰੇਲਵੇ ਤੋਂ ਚੱਲੀ ਤਾਂ ਜਲਾਲਾਬਾਦ ਰੋਡ ਰੇਲਵੇ ਫਾਟਕ ਕੋਲ ਪਟੜੀ ਵਿਚਕਾਰ ਮਜ਼ਦੂਰ ਸੁੱਤੇ ਹੋਏ ਸਨ। ਇੱਥੇ ਜਦੋਂ ਰੇਲ ਗੱਡੀ ਨੇ ਹਾਰਨ ਦਿੱਤਾ ਤਾਂ ਪਟੜੀ ’ਤੇ ਸੁੱਤਾ ਟਿੱਬੀ ਸਾਹਿਬ ਰੋਡ ਮਾਤੂ ਰਾਮ ਸਟਰੀਟ ਵਾਸੀ ਮੋਗਲੀ ਉੱਠ ਨਹੀਂ ਸਕਿਆ। ਮੋੜ ਰੋਡ ਦੇ ਸੁਭਾਸ਼ ਨਗਰ ਬਸਤੀ ਗਲੀ ਨੰਬਰ ਸੱਤ ਨਿਵਾਸੀ ਮੋਨਾ ਜੋ ਕਿ ਬਜ਼ੁਰਗ ਸੀ, ਉਹ ਉਸ ਦੀ ਮਦਦ ਲਈ ਅੱਗੇ ਆਇਆ ਅਤੇ ਉਸ ਨੂੰ ਖਿੱਚ ਕੇ ਸਾਈਡ ਕਰਨ ਲੱਗਾ ਤਾਂ ਰੇਲ ਗੱਡੀ ਦੋਵਾਂ ਉੱਤੇ ਚੜ੍ਹ ਗਈ।

ਨੌਜਵਾਨ ਮੋਗਲੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਜ਼ੁਰਗ ਮੋਨਾ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਵੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਮੋਗਲੀ ਨਸ਼ੇ ਵਿਚ ਸੀ। ਰੇਲਵੇ ਪੁਲਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News