ਸੜਕ ’ਤੇ ਜਾ ਰਹੀ ਕਾਰ ਦਾ ਅਚਾਨਕ ਫਟਿਆ ਟਾਇਰ, ਖੰਬੇ ਨਾਲ ਟਕਰਾਉਣ ਕਾਰਣ ਇਕ ਦੀ ਮੌਤ
Sunday, Mar 27, 2022 - 12:12 PM (IST)
ਵਲਟੋਹਾ (ਗੁਰਮੀਤ ਸਿੰਘ) : ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਧਗਾਣੇ ਦੇ ਨਜ਼ਦੀਕ ਅੱਜ ਉਸ ਵੇਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇਕ ਸਵਿਫਟ ਕਾਰ ਦਾ ਅਚਾਨਕ ਟਾਇਰ ਫਟਣ ਕਾਰਨ ਇਹ ਕਾਰ ਖੰਬੇ ਨਾਲ ਜਾ ਟਕਰਾਈ ਅਤੇ ਬਿਜਲੀ ਵਾਲਾ ਖੰਬਾ ਟੁੱਟ ਕੇ ਅੱਗੇ ਜਾ ਰਹੇ ਸਕੂਟਰੀ ਸਵਾਰ ਇਕ ਵਿਅਕਤੀ ਦੇ ਸਿਰ ਵਿਚ ਜਾ ਵੱਜਾ ਜਿਸ ਕਾਰਨ ਸਕੂਟਰੀ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਸਵਿਫਟ ਵਿਚ ਸਵਾਰ ਦੋ ਬੱਚਿਆਂ ਸਮੇਤ 3 ਔਰਤਾਂ ਸਣੇ ਕਾਰ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਟਰੀ ਸਵਾਰ ਵਿਅਕਤੀ ਦੀ ਪਹਿਚਾਣ ਰਾਂਝਾ ਸਿੰਘ ਵਾਸੀ ਪਿੰਡ ਬੱਲਿਆਂਵਾਲਾ ਵਜੋਂ ਹੋਈ ਹੈ ਜੋ ਕਿ ਪਿੰਡ ਘਰਿਆਲੇ ਬਾਬਾ ਸ਼ੇਰਸ਼ਾਲੀ ਵੇਲੇ ਵਿਚੋਂ ਸਟੇਜ ’ਤੇ ਗਾਣਾ ਗਾ ਕੇ ਬਾਅਦ ਵਿਚ ਆਪਣੇ ਰਿਸ਼ਤੇਦਾਰ ਕੋਲ ਪਿੰਡ ਮਾਡਲ ਜਾ ਰਿਹਾ ਸੀ ਤਾਂ ਜਦ ਉਹ ਪਿੰਡ ਧਗਾਣੇ ਦੇ ਕੋਲ ਪਹੁੰਚਿਆ ਤਾਂ ਮਗਰੋਂ ਆ ਰਹੀ ਸਵਿਫਟ ਕਾਰ ਜਿਸ ਨੂੰ ਗਗਨਦੀਪ ਸਿੰਘ ਵਾਸੀ ਪਿੰਡ ਮਸਤਗੜ੍ਹ ਚਲਾ ਰਿਹਾ ਸੀ ਕਾਰ ਦਾ ਅਚਾਨਕ ਟਾਇਰ ਫਟ ਗਿਆ ਜਿਸ ਕਾਰਨ ਕਾਰ ਪਲਟਦੀ ਹੋਈ ਖੰਬੇ ਵਿਚ ਜਾ ਵੱਜੀ ਅਤੇ ਖੰਭਾ ਟੁੱਟ ਕੇ ਅੱਗੇ ਜਾ ਰਹੇ ਸਕੂਟਰੀ ਸਵਾਰ ਰਾਂਝਾ ਸਿੰਘ ਦੇ ਸਿਰ ਵਿਚ ਜਾ ਵੱਜਿਆ। ਹਾਦਸੇ ’ਚ ਰਾਂਝਾ ਸਿੰਘ ਸੜਕ ’ਤੇ ਡਿੱਗ ਪਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਸਵਿਫਟ ਕਾਰ ਵਿਚ ਸਵਾਰ ਸ਼ਰਨਜੀਤ ਕੌਰ, ਉਰਮਲਜੀਤ ਕੌਰ, ਹਰਸਿਮਰਤ ਕੌਰ, ਹਰਸ਼ਪ੍ਰੀਤ ਸਿੰਘ ਗਿਆਰਾਂ ਸਾਲ ਅਤੇ ਗੁਰਸਾਜਨ ਸਿੰਘ ਛੇ ਸਾਲ ਵਾਸੀ ਮਸਤਗੜ੍ਹ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਿਜਲੀ ਵਾਲੇ ਖੰਭੇ ਦੀਆਂ ਤਾਰਾਂ ਵਿਚ ਉਸੇ ਟਾਈਮ ਹੀ ਇਕ ਹੋਰ ਕਾਰ ਲਪੇਟ ਵਿਚ ਆ ਗਈ ਜੋ ਤੇਜ਼ ਰਫ਼ਤਾਰ ਹੋਣ ਕਾਰਨ ਨਾਲ ਲੱਗਦੇ ਖੇਤਾਂ ਵਿਚ ਜਾ ਵੜੀ ਫਿਲਹਾਲ ਮੌਕੇ ’ਤੇ ਪਹੁੰਚੀ ਥਾਣਾ ਸਦਰ ਪੱਟੀ ਦੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।