ਹਾਈਵੇਅ ’ਤੇ ਵਾਪਰੇ ਹਾਦਸੇ ’ਚ ਵਿਅਕਤੀ ਦੀ ਮੌਤ, ਸਾਰੀ ਰਾਤ ਲਾਸ਼ ਉਪਰੋਂ ਲੰਘਦੀਆਂ ਰਹੀਆਂ ਗੱਡੀਆਂ

Wednesday, Dec 13, 2023 - 06:15 PM (IST)

ਹਾਈਵੇਅ ’ਤੇ ਵਾਪਰੇ ਹਾਦਸੇ ’ਚ ਵਿਅਕਤੀ ਦੀ ਮੌਤ, ਸਾਰੀ ਰਾਤ ਲਾਸ਼ ਉਪਰੋਂ ਲੰਘਦੀਆਂ ਰਹੀਆਂ ਗੱਡੀਆਂ

ਕਾਠਗੜ੍ਹ (ਰਾਜੇਸ਼) : ਬੀਤੀ ਰਾਤ ਬਲਾਚੌਰ-ਰੂਪਨਗਰ ਰਾਜ ਮਾਰਗ 'ਤੇ ਗਿੱਲ ਢਾਬੇ ਦੇ ਨਜ਼ਦੀਕ ਇਕ 60- 62 ਸਾਲਾ ਮੰਦ ਬੁੱਧੀ ਅਣਪਛਾਤੇ ਵਿਅਕਤੀ ਦੀ ਕਿਸੇ ਵਾਹਨ ਦੇ ਲਪੇਟ ਵਿਚ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਿੰਡ ਜੱਬਾ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਅੱਜ ਸਵੇਰੇ 6 ਵਜੇ ਦੇ ਕਰੀਬ ਜਦੋਂ ਆਪਣੀ ਸਾਈਕਲ 'ਤੇ ਸੈਰ ਕਰਨ ਜਾ ਰਿਹਾ ਸੀ ਤਾਂ ਗਿੱਲ ਢਾਬੇ ਤੋਂ ਥੋੜਾ ਅੱਗੇ ਕਿਸੇ ਵਿਅਕਤੀ ਦੇ ਸਰੀਰ ਦੇ ਦੋ ਹਿੱਸੇ ਦੇਖਣ ਨੂੰ ਮਿਲੇ ਅਤੇ ਜਦੋਂ ਨੇੜੇ ਹੋ ਕੇ ਦੇਖਿਆ ਤਾਂ ਉਸ ਦੇ ਸਰੀਰ ਦੇ ਦੂਜੇ ਅੰਗ ਵੀ ਇਧਰ ਉਧਰ ਖਿਲਰੇ ਹੋਏ ਸਨ ਤੇ ਉਸ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ। ਇਸ ਦੀ ਸੂਚਨਾ ਉਸ ਨੇ ਤੁਰੰਤ ਪਹਿਲਾਂ 100 ਨੰਬਰ ਅਤੇ ਫਿਰ 108 ਐਂਬੂਲੈਂਸ ਨੂੰ ਦਿੱਤੀ ਪਰੰਤੂ ਕਾਫੀ ਸਮਾਂ ਉੱਥੇ ਕੋਈ ਵੀ ਨਹੀਂ ਪਹੁੰਚਿਆ।

ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਅਣਪਛਾਤਾ ਵਿਅਕਤੀ ਪਿਛਲੇ 4-5 ਦਿਨਾਂ ਤੋਂ ਉੱਥੇ ਮਾਰਗ 'ਤੇ ਹੀ ਘੁੰਮਦਾ ਨਜ਼ਰ ਆ ਰਿਹਾ ਸੀ ਪ੍ਰੰਤੂ ਬੀਤੀ ਰਾਤ ਜਦੋਂ ਉਹ ਮਾਰਗ 'ਤੇ ਜਾ ਰਿਹਾ ਹੋਵੇਗਾ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਉਸਦੀ ਮੌਤ ਹੋ ਗਈ ਪਰ ਦੁੱਖ ਦੀ ਗੱਲ ਹੈ ਕਿ ਇਸ ਮ੍ਰਿਤਕ ਵਿਅਕਤੀ ਨੂੰ ਕਿਸੇ ਨੇ ਵੀ ਮਾਰਗ ਤੋਂ ਚੁੱਕਣ ਦਾ ਹੌਂਸਲਾ ਨਹੀਂ ਕੀਤਾ ਅਤੇ ਰਾਤ ਦੇ ਹਨੇਰੇ ਵਿੱਚ ਛੋਟੇ ਵੱਡੇ ਵਾਹਨ ਉਸ ਦੇ ਸਰੀਰ ਉੱਤੋਂ ਲੰਘਦੇ ਰਹੇ ਜਿਸ ਕਰਕੇ ਉਹ ਬੁਰੀ ਤਰ੍ਹਾਂ ਦਰੜਿਆ ਗਿਆ ਅਤੇ ਉਸ ਦੇ ਸਰੀਰ ਦੇ ਅੰਗ ਦੂਰ ਤੱਕ ਖਿਲਰ ਗਏ, ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਉਸ ਦੀ ਸ਼ਕਲ ਤੱਕ ਵੀ ਪਛਾਣੀ ਨਹੀਂ ਜਾ ਰਹੀ ਸੀ।

ਘਟਨਾ ਦੀ ਸੂਚਨਾ ਮਿਲਦੇ ਤੁਰੰਤ ਪਹੁੰਚੇ ਐੱਸ. ਐੱਚ. ਓ ਕਾਠਗੜ੍ਹ

ਉਕਤ ਘਟਨਾ ਸਬੰਧੀ ਕਿਸੇ ਵਿਅਕਤੀ ਨੇ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ ਇੰਸਪੈਕਟਰ ਪੰਕਜ ਸ਼ਰਮਾ ਨੂੰ ਫੋਨ 'ਤੇ ਸੂਚਨਾ ਦਿੱਤੀ ਅਤੇ ਉਹ ਕੁਝ ਮਿੰਟਾਂ ਵਿੱਚ ਹੀ ਉੱਥੇ ਪਹੁੰਚੇ ਤੇ ਕਾਰਵਾਈ ਕਰਦੇ ਹੋਏ ਮ੍ਰਿਤਕ ਵਿਅਕਤੀ ਦੇ ਸਰੀਰ ਨੂੰ ਇਕੱਠਾ ਕਰਵਾ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਲਾਚੌਰ ਵਿਖੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ 72 ਘੰਟੇ ਲਈ ਪਛਾਣ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ ਅਤੇ 304ਏ ਤਹਿਤ ਕਾਰਵਾਈ ਕਰਦੇ ਹੋਏ ਅਣਪਛਾਤੇ ਵਾਹਨ 'ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News