ਸੜਕ ਹਾਦਸੇ ਵਿਚ ਵਿਆਹੁਤਾ ਦੀ ਮੌਤ, ਪਤੀ ਅਤੇ ਦੋ ਬੱਚੇ ਗੰਭੀਰ ਜ਼ਖਮੀ

Monday, Jun 20, 2022 - 06:10 PM (IST)

ਸੜਕ ਹਾਦਸੇ ਵਿਚ ਵਿਆਹੁਤਾ ਦੀ ਮੌਤ, ਪਤੀ ਅਤੇ ਦੋ ਬੱਚੇ ਗੰਭੀਰ ਜ਼ਖਮੀ

ਕੋਟਕਪੂਰਾ (ਨਰਿੰਦਰ) : ਪਿੰਡ ਸੰਧਵਾਂ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਵਾਪਰੇ ਹਾਦਸੇ ’ਚ ਮੋਟਰਸਾਈਕਲ ਸਵਾਰ ਇਕ ਵਿਆਹੁਤਾ ਦੀ ਮੌਤ ਹੋ ਗਈ, ਜਦਕਿ ਉਸਦਾ ਪਤੀ ਅਤੇ ਦੋ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਸਬੰਧ ਵਿਚ ਲੜਕੀ ਦੇ ਪਿਤਾ ਰੂਪ ਸਿੰਘ ਵਾਸੀ ਗੋਲੇਵਾਲਾ ਵੱਲੋਂ ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੀ ਲੜਕੀ ਅਮਨਦੀਪ ਕੌਰ (24) ਅਤੇ ਉਸਦਾ ਪ੍ਰਾਹੁਣਾ ਗੁਰਦੀਪ ਸਿੰਘ (30) ਵੀਸਾ ਪਿੰਡ ਝੱਖੜ ਵਾਲਾ ਆਪਣੇ ਬੇਟੇ ਅਨਮੋਲਦੀਪ ਸਿੰਘ ਅਤੇ ਬੇਟੀ ਮਨਪ੍ਰੀਤ ਕੌਰ ਨਾਲ ਆਪਣੇ ਮੋਟਰਸਾਈਕਲ ’ਤੇ ਮੇਲ-ਮਿਲਾਪ ਤੋਂ ਬਾਅਦ ਪਿੰਡ ਸੰਧਵਾਂ ਦੇ ਬੱਸ ਸਟੈਂਡ ਦੇ ਨਜ਼ਦੀਕ ਕੋਟਕਪੂਰਾ ਵੱਲ ਨੂੰ ਜਾ ਰਹੇ ਸੀ। ਉਸਨੇ ਦੱਸਿਆ ਕਿ ਇਸ ਦੌਰਾਨ ਇਕ ਕਾਰ ਜਿਸਨੂੰ ਗੋਰਾ ਸਿੰਘ ਵਾਸੀ ਦੀਪ ਸਿੰਘ ਵਾਲਾ ਚਲਾ ਰਿਹਾ ਸੀ ਨੇ ਅਣਗਹਿਲੀ ਨਾਲ ਚਲਾਉਂਦੇ ਹੋਏ ਗਲਤ ਸਾਈਡ ਤੋਂ ਲਿਆ ਕੇ ਮੋਟਰ ਸਾਈਕਲ ਵਿੱਚ ਮਾਰੀ, ਜਿਸ ਨਾਲ ਮੋਟਰ ਸਾਈਕਲ ਸਵਾਰ ਉਸਦੀ ਲੜਕੀ, ਜਵਾਈ ਅਤੇ ਉਨ੍ਹਾਂ ਦੇ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਸੱਟਾ ਜ਼ਿਆਦਾ ਲੱਗਣ ਕਾਰਨ ਉਨ੍ਹਾਂ ਦੀ ਲੜਕੀ ਅਮਨਦੀਪ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੋਵੇਂ ਬੱਚੇ ਮੈਡੀਕਲ ਕਾਲਜ ਫਰੀਦਕੋਟ ਦਾਖਲ ਹਨ ਅਤੇ ਗੁਰਦੀਪ ਸਿੰਘ ਨੂੰ ਗਲੋਬਲ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਥਾਣਾ ਸਦਰ ਪੁਲਸ ਕੋਟਕਪੂਰਾ ਵੱਲੋਂ ਮ੍ਰਿਤਕ ਲੜਕੀ ਅਮਨਦੀਪ ਕੌਰ ਦੇ ਪਿਤਾ ਰੂਪ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਕਾਰ ਚਾਲਕ ਗੋਰਾ ਸਿੰਘ ਵਾਸੀ ਦੀਪ ਸਿੰਘ ਵਾਲਾ ਖ਼ਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Gurminder Singh

Content Editor

Related News