ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜੋੜੇ ਦੀ ਮੌਤ

Monday, Sep 16, 2019 - 02:41 PM (IST)

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜੋੜੇ ਦੀ ਮੌਤ

ਅਬੋਹਰ (ਸੁਨੀਲ) : ਬੀਤੀ ਸ਼ਾਮ ਪਿੰਡ ਪੰਜਕੋਸੀ ਨੇੜੇ ਇੰਡਿਕਾ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਸਾਲੇ ਦੇ ਬਿਆਨਾਂ 'ਤੇ ਇੰਡਿਕਾ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਥਾਣਾ ਖੂਈਆਂ ਸਰਵਰ 'ਚ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ. ਮੁਖਤਿਆਰ ਸਿੰਘ ਕਰ ਰਹੇ ਹਨ। ਥਾਣਾ ਖੂਈਆਂ ਸਰਵਰ ਮੁਖੀ ਪਰਮਜੀਤ ਕੁਮਾਰ ਅਨੁਸਾਰ ਸ਼੍ਰੀਗੰਗਾਨਗਰ ਵਾਸੀ ਓਮ ਪ੍ਰਕਾਸ਼ ਪੁੱਤਰ ਮੋਹਨ ਲਾਲ ਨੇ ਪੁਲਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਰਾਮਦੇਵ ਨਗਰੀ ਸ਼੍ਰੀਗੰਗਾਨਗਰ ਵਾਸੀ ਉਸਦਾ ਜੀਜਾ ਰਾਜਕੁਮਾਰ ਤੇ ਭੈਣ ਰਾਣੀ ਮੋਟਰਸਾਈਕਲ 'ਤੇ ਸ਼੍ਰੀਗੰਗਾਨਗਰ ਤੋਂ ਬਾਂਡੀਵਾਲਾ ਵੱਲ ਜਾ ਰਹੇ ਸੀ । 

ਰਸਤੇ 'ਚ ਪਿੰਡ ਪੰਜਕੋਸੀ 'ਚ ਸਥਿਤ ਪੈਟ੍ਰੋਲ ਪੰਪ ਨੇੜੇ ਪਹੁੰਚਣ 'ਤੇ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਇੰਡਿਕਾ ਕਾਰ ਨੇ ਉਸਦੀ ਭੈਣ ਤੇ ਜੀਜਾ ਦੇ ਮੋਟਰਸਾਈਕਲ 'ਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਰਾਜਕੁਮਾਰ ਤੇ ਰਾਣੀ ਦੋਵੇਂ ਸੜਕ ਕੰਢੇ ਖੇਤਾਂ ਆਲੇ ਦੁਆਲੇ ਲੱਗੀ ਕੋਬਰਾ 'ਚ ਉਲਝ ਕੇ ਗੰਭੀਰ ਰੂਪ ਨਾਲ ਫੱਟੜ ਹੋ ਗਏ। ਰਾਣੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 108 ਨੰਬਰ ਸੁਵਿਧਾ ਵਾਲੀ ਐਂਬੂਲੈਂਸ ਤੋਂ ਹਸਪਤਾਲ ਜਾਂਦੇ ਸਮੇਂ ਰਾਜਕੁਮਾਰ ਨੇ ਰਸਤੇ 'ਚ ਦਮ ਤੋੜ ਦਿੱਤਾ। ਓਮ ਪ੍ਰਕਾਸ਼ ਦੇ ਬਿਆਨ 'ਤੇ ਇੰਡਿਕਾ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News