ਦਿਲ ਕੰਬਾਅ ਦੇਣ ਵਾਲੇ ਹਾਦਸੇ ''ਚ ਉੱਡੇ ਕਾਰ ਦੇ ਪਰਖੱਚੇ, ਜਿਗਰੀ ਦੋਸਤਾਂ ਦੀ ਮੌਤ

Monday, Sep 30, 2019 - 05:59 PM (IST)

ਦਿਲ ਕੰਬਾਅ ਦੇਣ ਵਾਲੇ ਹਾਦਸੇ ''ਚ ਉੱਡੇ ਕਾਰ ਦੇ ਪਰਖੱਚੇ, ਜਿਗਰੀ ਦੋਸਤਾਂ ਦੀ ਮੌਤ

ਸਮਾਣਾ (ਦਰਦ) : ਸਮਾਣਾ-ਪਟਿਆਲਾ ਸੜਕ 'ਤੇ ਪਿੰਡ ਖੇੜੀ ਨੇੜੇ ਬੀਤੀ ਰਾਤ ਇਕ ਵਰਨਾ ਕਾਰ ਦਾ ਤੂੜੀ ਨਾਲ ਭਰੇ ਟਰੱਕ ਨਾਲ ਪਿਛੋਂ ਟੱਕਰ ਹੋਣ ਕਾਰਨ ਕਾਰ ਸਵਾਰ ਦੋ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ ਕਾਰ ਵਿਚ ਸਵਾਰ ਤੀਜਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਪਟਿਆਲਾ ਦਾਖਲ ਕਰਵਾਇਆ ਗਿਆ ਹੈ ਜਦਕਿ ਜਦੋਂ ਕਿ ਦੋਵਾਂ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ ਸਮਾਣਾ ਵਿਚ ਮ੍ਰਿਤਕ ਅਵਤਾਰ ਸਿੰਘ (30) ਪੁੱਤਰ ਵਿਰਸਾ ਸਿੰਘ ਵਿਰਕ ਨਿਵਾਸੀ ਸੇਖੋਂ ਕਲੋਨੀ ਸਮਾਣਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ (27) ਪੁੱਤਰ ਸੁਰਿੰਦਰ ਸਿੰਘ ਵੜੈਚ ਨਿਵਾਸੀ ਡੇਰਾ ਬਸਤੀ ਗੋਬਿੰਦ ਨਗਰ ਸਮਾਣਾ ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਏ. ਐਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਦਰਜ ਬਿਆਨਾਂ ਅਨੁਸਾਰ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਤਿੰਨੇ ਦੋਸਤ ਐਤਵਾਰ ਰਾਤ ਨੂੰ ਵਰਨਾ ਕਾਰ ਰਾਹੀ ਸਮਾਣਾ ਤੋਂ ਪਟਿਆਲਾ ਵੱਲ ਜਾ ਰਹੇ ਸਨ ਕਿ ਪਿੰਡ ਚੋਂਹਠ ਖੇੜੀ ਨੇੜੇ ਰੇਡੀਐਂਟ ਟੈਕਸਟਾਈਲ ਮਿੱਲ ਕੋਲ ਖੜ੍ਹੇ ਇਕ ਤੁੜੀ ਨਾਲ ਭਰੇ ਟਰੱਕ ਦੇ ਪਿਛੇ ਕਾਰ ਜਾ ਟਕਰਾਈ। ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਅਤੇ ਤਿੰਨੋ ਕਾਰ ਸਵਾਰ ਦੋਸਤ ਗੰਭੀਰ ਜ਼ਖ਼ਮੀ ਹੋ ਗਏ।
ਸੂਚਨਾ ਮਿਲਣ 'ਤੇ ਪਹੁੰਚੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤਿੰਨਾਂ ਨੂੰ ਇਲਾਜ ਲਈ ਤੁਰੰਤ ਪਟਿਆਲਾ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਅਵਤਾਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਇਲਾਜ ਅਧੀਨ ਤੀਜੇ ਦੋਸਤ ਸਰਬਜੀਤ ਸਿੰਘ ਪੁੱਤਰ ਮੁੱਖਤਿਆਰ ਸਿੰਘ ਨੂੰ ਡਾਕਟਰਾਂ ਨੇ ਖਤਰੇ ਤੋਂ ਬਾਹਰ ਦੱਸਿਆ। ਵਿਦੇਸ਼ ਵਿਚ ਰਹਿਣ ਵਾਲੀਆਂ ਦੋ ਭੈਣਾਂ ਦਾ ਭਰਾ ਅਤੇ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਅਵਤਾਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਡੇਢ ਸਾਲ ਦਾ ਬੇਟਾ ਛੱਡ ਗਿਆ ਹੈ। ਜਦਕਿ ਦੂਜੇ ਦੋਵੇਂ ਦੋਸਤ ਅਜੇ ਕੁਆਰੇ ਹਨ। ਪੁਲਸ ਅਧਿਕਾਰੀ ਅਨੁਸਾਰ ਹਾਦਸੇ ਉਪਰੰਤ ਚਾਲਕ ਟਰੱਕ ਸਣੇ ਫਰਾਰ ਹੋਣ ਵਿਚ ਸਫਲ ਰਿਹਾ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਮ੍ਰਿਤਕਾਂ ਦੀਆਂ ਲਾਸ਼ਾ ਨੂੰ ਪੋਸਟਮਾਰਟਮ ਕਰਵਾਉਣ ਉਪਰੰੰਤ ਵਾਰਸਾ ਹਵਾਲੇ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News