ਭਿਆਨਕ ਹਾਦਸੇ ’ਚ ਕਿਸਾਨ ਜਥੇਬੰਦੀ ਦੇ ਵਰਕਰ ਦੀ ਮੌਤ
Saturday, Mar 04, 2023 - 06:09 PM (IST)
ਨਿਹਾਲ ਸਿੰਘ ਵਾਲਾ, ਬਿਲਾਸਪੁਰ (ਬਾਵਾ/ਜਗਸੀਰ) : ਮੋਗਾ-ਬਰਨਾਲਾ ਰਾਸ਼ਟਰੀ ਮਾਰਗ ’ਤੇ ਪਿੰਡ ਮਾਛੀਕੇ ਵਿਖੇ ਪੁਲ ਦੀ ਅਣਹੋਦ ਕਾਰਨ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ। ਬੀਤੇ ਦਿਨੀਂ ਗੁਰਦੁਆਰਾ ਸਾਹਿਬ ਤੋਂ ਪਿੰਡ ਵੱਲ ਨੂੰ ਸੜਕ ਪਾਰ ਕਰਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰ ਦੀ ਗੱਡੀ ਦੀ ਲਪੇਟ ਵਿਚ ਆਉਣ ’ਤੇ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਗੁਰਨਾਮ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਮਾਛੀਕੇ ਜੋ ਕਿ ਗੁਰਦੁਆਰਾ ਸਾਹਿਬ ਤੋਂ ਬਾਹਰ ਰਾਸ਼ਟਰੀ ਮਾਰਗ ਪਾਰ ਕਰਨ ਲੱਗਾ ਸੀ ਕਿ ਗੱਡੀ ਦੀ ਲਪੇਟ ਵਿਚ ਆ ਗਿਆ। ਬੇਸ਼ੱਕ ਚੌਕੀ ਬਿਲਾਸਪੁਰ ਦੀ ਪੁਲਸ ਨੇ ਅਣਪਛਾਤੇ ਕਾਰ ਸਵਾਰਾਂ ’ਤੇ ਮਾਮਲਾ ਦਰਜ ਕਰ ਲਿਆ ਹੈ ਪਰ ਬਾਅਦ ਰੋਹ ਵਿਚ ਆਏ ਪਿੰਡ ਵਾਸੀਆਂ ਨੇ ਸੜਕ ਵਿਭਾਗ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਅਣਗਹਿਲੀ ਵਰਤਣ ਲਈ ਸੜਕ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਹੱਤਿਆਂ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਇਸ ਮੌਕੇ ਕਿਸਾਨ ਆਗੂ ਸਰਬਜੀਤ ਸਿੰਘ ਅਤੇ ਮੀਰੀ-ਪੀਰੀ ਕਲੱਬ ਮਾਛੀਕੇ ਦੇ ਪ੍ਰਧਾਨ ਜਗਤਾਰ ਸਿੰਘ ਜੱਗੀ ਨੇ ਕਿਹਾ ਕਿ ਮੋਗਾ ਬਰਨਾਲਾ ਰਾਸ਼ਟਰੀ ਮਾਰਗ ਦੀ ਚਾਰ ਲਾਈਨ ਕਰਨ ਦੌਰਾਨ ਪਿੰਡ ਵਾਸੀਆਂ ਨੇ ਸੜਕ ਬਣਾਉਣ ਤੋਂ ਪਹਿਲਾਂ ਹੀ ਲੰਘਣ ਲਈ ਪੁਲ ਬਣਾਉਣ ਦੀ ਮੰਗ ਕੀਤੀ ਸੀ ਅਤੇ ਸੜਕ ਦਾ ਕੰਮ ਰੋਕ ’ਕੇ ਕਰੀਬ ਇਕ ਸਾਲ ਸੜਕ ’ਤੇ ਧਰਨਾ ਲਗਾਇਆ ਸੀ। ਇਕ ਸਾਲ ਬਾਅਦ ਡਿਪਟੀ ਕਮਿਸ਼ਨਰ ਮੋਗਾ ਨੇ ਪਿੰਡ ਵਾਸੀਆਂ ਦੀ ਮੰਗ ਨਾਲ ਸਹਿਮਤ ਹੁੰਦਿਆਂ ਲਿਖਤੀ ਰੂਪ ਵਿਚ ਪੁਲ ਬਣਾਉਣ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ ਸੀ ਪਰ ਪੁਲ ਨਾ ਬਣਾਉਣ ਕਾਰਨ ਹੁਣ ਇਸ ਜਗ੍ਹਾ ’ਤੇ ਰੋਜ਼ਾਨਾ ਵੱਡੇ ਹਾਦਸੇ ਵਾਪਰ ਰਹੇ ਹਨ ਕਿਉਂਕਿ ਪਿੰਡ ਵਾਸੀ ਗੁਰਦੁਆਰਾ ਸਾਹਿਬ ਅਤੇ ਸਰਕਾਰੀ ਸੋਸਾਇਟੀ ਵਿਚ ਜਾਣ ਲਈ ਇਹ ਸੜਕ ਪਾਰ ਕਰਦੇ ਹਨ ਅਤੇ ਤੇਜ਼ ਰਫਤਾਰ ਗੱਡੀਆਂ ਦੀ ਲਪੇਟ ਵਿਚ ਆ ਜਾਂਦੇ ਹਨ।
ਉਨ੍ਹਾਂ ਮੰਗ ਕੀਤੀ ਕਿ ਇਸ ਲਈ ਦੋਸ਼ੀ ਸੜਕ ਵਿਭਾਗ ਦੇ ਅਧਿਕਾਰੀਆਂ ’ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਮੀਤ ਪ੍ਰਧਾਨ ਜਗਸੀਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਸੱਤਪਾਲ ਸਿੰਘ, ਲਾਭ ਸਿੰਘ ਹੈੱਡ ਗ੍ਰੰਥੀ, ਬਲਵੀਰ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ। ਇਸ ਸੜਕ ਹਾਦਸੇ ਤੋਂ ਬਾਅਦ ਸੜਕ ਵਿਭਾਗ ਵੱਲੋਂ ਇਸ ਜਗ੍ਹਾ ’ਤੇ ਕੱਟ ਨੂੰ ਦਰਸਾਉਂਦੀਆਂ ਬੱਤੀਆਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਕੀ ਹੁਣ ਤਕ ਵਿਭਾਗ ਦੇ ਅਧਿਕਾਰੀ ਸੁੱਤੇ ਪਏ ਸਨ। ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਵਰਕਰ ਗੁਰਨਾਮ ਸਿੰਘ ਦੇ ਸਸਕਾਰ ਸਮੇਂ ਕਿਸਾਨ ਵਰਕਾਰਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮ੍ਰਿਤਕ ਦੀ ਦੇਹ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਝੰਡਾ ਪਾਇਆ ਗਿਆ ਅਤੇ ਪੂਰੇ ਸਨਮਾਨਾਂ ਨਾਲ ਉਸ ਦਾ ਸਸਕਾਰ ਕੀਤਾ ਗਿਆ। ਇਸ ਸਮੇਂ ਜਥੇਬੰਦੀ ਦੇ ਇਕਾਈ ਪ੍ਰਧਾਨ ਗੁਰਨਾਮ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਮਾਛੀਕੇ ਵਿਖੇ ਸੜਕ ਹਾਦਸਿਆਂ ਦਾ ਕਾਰਨ ਬਣੀ ਸੜਕ ’ਤੇ ਤੁਰੰਤ ਪੁਲ ਦੀ ਉਸਾਰੀ ਕੀਤੀ ਜਾਵੇ ਨਹੀਂ ਤਾਂ ਅੱਗੇ ਤੋਂ ਵਾਪਰੇ ਸੜਕ ਹਾਦਸੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।