ਭਿਆਨਕ ਹਾਦਸਾ, ਟਰੱਕ ''ਚ ਢਾਈ ਘੰਟੇ ਤਕ ਫਸਿਆ ਰਿਹਾ ਡਰਾਈਵਰ
Thursday, Jul 04, 2024 - 05:35 PM (IST)
ਪਾਤੜਾਂ (ਸਨੇਹੀ) : ਅੱਜ ਤੜਕਸਾਰ ਲਗਭਗ ਸਾਢੇ 6 ਵਜੇ ਦੇ ਕਰੀਬ ਪਾਤੜਾਂ ਦੇ ਹਾਮਝੜੀ ਬਾਈਪਾਸ ’ਤੇ ਸਰਕਾਰੀ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਟਰੱਕ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਬੱਸ ਦੇ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਹਨ ਜਦੋਂ ਕਿ ਬੱਸ ਵਿਚ ਸਫਰ ਕਰ ਰਹੀਆਂ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਬੱਸ ਅਤੇ ਟਰੱਕ ਦੀਆਂ ਡਰਾਈਵਰ ਸਾਈਡਾਂ ਬਿਲਕੁਲ ਚਕਨਾਚੂਰ ਹੋ ਗਈਆਂ। ਮੌਕੇ ’ਤੇ ਮੌਜੂਦ ਜਗਜੀਤ ਸਿੰਘ ਨੇ ਦੱਸਿਆ ਅੱਜ ਸਵੇਰੇ ਲਗਭਗ ਸਾਢੇ 6 ਵਜੇ ਦੀ ਕਰੀਬ ਪਾਤੜਾਂ ਦੇ ਹਾਮਝੜੀ ਬਾਈਪਾਸ ’ਤੇ ਬੁਢਲਾਡਾ ਡਿੱਪੂ ਦੀ ਸਰਕਾਰੀ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ ਦੌਰਾਨ ਕੁਰੂਕਸ਼ੇਤਰ ਵਾਸੀ ਟਰੱਕ ਡਰਾਈਵਰ ਟਰੱਕ ਵਿਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਅਸੀਂ ਟਰੱਕ ਦਾ ਇਕੱਲਾ ਇਕੱਲਾ ਪਾਰਟ ਖੋਲ੍ਹ ਕੇ ਰਾਡ਼ਾਂ, ਕਟਰ ਅਤੇ ਜੇ. ਬੀ. ਸੀ. ਮਸ਼ੀਨਾਂ ਦੀ ਮਦਦ ਨਾਲ ਲਗਭਗ ਢਾਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਗੰਭੀਰ ਜ਼ਖਮੀ ਹਾਲਤ ਵਿਚ ਬਾਹਰ ਕੱਢਿਆ ਅਤੇ ਹਸਪਤਾਲ ਵਿਖੇ ਪਹੁੰਚਾਇਆ।
ਉਸ ਨੇ ਦੱਸਿਆ ਕਿ ਇਥੇ ਸੜਕ ਦੀ ਚੌੜਾਈ ਬਹੁਤ ਘੱਟ ਹੈ, ਜਿਸ ਕਾਰਨ ਇਥੇ ਅਕਸਰ ਭਿਆਨਕ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਸਬੰਧਤ ਮਹਿਕਮੇ ਪਾਸੋਂ ਮੰਗ ਕੀਤੀ ਕਿ ਇਸ ਸੜਕ ਨੂੰ ਤੁਰੰਤ ਚੌੜਾ ਕੀਤਾ ਜਾਵੇ ਤਾਂ ਕਿ ਇੱਥੇ ਰੋਜ਼ਾਨਾ ਹੁੰਦੇ ਹਾਦਸਿਆਂ ਤੋਂ ਛੁਟਕਾਰਾ ਮਿਲ ਸਕੇ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।