ਭਿਆਨਕ ਹਾਦਸੇ ’ਚ 13 ਸਾਲਾ ਕੁੜੀ ਦੀ ਮੌਤ
Thursday, Jun 16, 2022 - 06:22 PM (IST)
ਬੱਧਨੀ ਕਲਾਂ (ਬੱਬੀ) : ਪਿੰਡ ਬੁੱਟਰ ਕਲਾਂ ਵਿਖੇ ਬੀਤੀ ਰਾਤ ਇਕ ਛੋਟੇ ਹਾਥੀ ਨਾਲ ਘੋੜੇ ਟਰਾਲੇ ਦੀ ਟੱਕਰ ਵੱਜਣ ਕਰ ਕੇ ਛੋਟੇ ਹਾਥੀ ’ਚ ਸਵਾਰ ਇਕ ਪਰਿਵਾਰ ਦੀ 13 ਸਾਲਾ ਲ਼ੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਛੋਟੇ ਹਾਥੀ ’ਚ ਸਵਾਰ ਇਕ ਮਹਿਲਾ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਪਤਾ ਲੱਗਾ ਹੈ ਕੇ ਛੋਟੇ ਹਾਥੀ ’ਚ ਸਵਾਰ ਇਕ ਪਰਿਵਾਰ ਪਿੰਡ ਚੀਮਾਂ ਕੋਟ ਈਸੇ ਖਾਂ ਦੇ ਇਕ ਭੱਠੇ ਤੋਂ ਬਰਨਾਲਾ ਸਾਈਡ ਹੋ ਕੇ ਮੁਜ਼ੱਫਰਪੁਰ ਯੂ.ਪੀ ਨੂੰ ਜਾ ਰਿਹਾ ਸੀ ਅਤੇ ਇਸ ਦੌਰਾਨ ਬੱਧਨੀ ਕਲਾਂ ਤੋਂ ਪੰਜ ਕਿਲੋਮੀਟਰ ਪਿੱਛੇ ਪਿੰਡ ਬੁੱਟਰ ਕਲਾਂ ਵਿਖੇ ਤੇਜ਼ ਰਫਤਾਰ ਘੋੜਾ ਟਰਾਲਾ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੀ। ਮ੍ਰਿਤਕ ਲੜਕੀ ਦੇ ਪਿਤਾ ਕਰਮਵੀਰ ਪੁੱਤਰ ਇਸਬਾਰੀ ਵਾਸੀ ਵਸਥਾੜਾ, ਥਾਣਾ ਸ਼ਾਹਪੁਰ ਜ਼ਿਲ੍ਹਾ ਮੁਜ਼ੱਫਰਪੁਰ (ਯੂ.ਪੀ) ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਛੋਟੇ ਹਾਥੀ ’ਤੇ ਸਵਾਰ ਹੋ ਕੇ ਪਿੰਡ ਚੀਮਾਂ ਦੇ ਭੱਠੇ ਤੋਂ ਆਪਣੇ ਪਿੰਡ ਵਸਥਾੜਾ ਉੱਤਰ ਪ੍ਰਦੇਸ਼ ਜਾ ਰਹੇ ਸਨ ਅਤੇ ਇਸ ਦੌਰਾਨ 1.30 ਵਜੇ ਦੇ ਕਰੀਬ ਰਾਤ ਨੂੰ ਪਿੰਡ ਬੁੱਟਰ ਕਲਾਂ ਕੋਲ ਜਦੋਂ ਅਸੀਂ ਪਹੁੰਚੇ ਤਾਂ ਪਿਛੋਂ ਤੋਂ ਆ ਰਹੇ ਇਕ ਘੋੜਾ ਟਰਾਲਾ ਚਾਲਕ ਨੇ ਲਾਪ੍ਰਵਾਹੀ ਵਰਤਦਿਆਂ ਸਾਡੇ ਛੋਟੇ ਹਾਥੀ ਦੇ ਪਿਛਲੇ ਪਾਸੇ ਘੋੜੇ ਟਰਾਲੇ ਦੀ ਟੱਕਰ ਮਾਰ ਦਿੱਤੀ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਜਿਸ ਨਾਲ ਛੋਟੇ ਹਾਥੀ ’ਚ ਪਿੱਛੇ ਸੁੱਤੀ ਪਈ ਮੇਰੀ 13 ਸਾਲਾ ਕੁੜੀ ਸ਼ਿਵਾਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਮੇਰੀ ਪਤਨੀ ਅਤੇ ਛੋਟਾ ਹਾਥੀ ਚਾਲਕ ਵਰਿੰਦਰ ਸਿੰਘ ਅਤੇ ਉਸ ਦਾ ਭਰਾ ਅਜੇ ਸਿੰਘ ਪੁੱਤਰਨ ਸੁਖਦੇਵ ਸਿੰਘ ਵਾਸੀ ਪਿੰਡ ਜਨੇਰ ਜ਼ਿਲ੍ਹਾ ਮੋਗਾ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਬਾਅਦ ’ਚ ਉਥੇ ਇਕੱਠੇ ਹੋਏ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪੀੜਤ ਵਿਅਕਤੀ ਨੇ ਆਪਣੇ ਬਿਆਨਾਂ ’ਚ ਦੋਸ਼ ਲਗਾਇਆ ਕੇ ਹਾਦਸਾ ਉਪਰੰਤ ਘੋੜਾ ਟਰਾਲਾ ਚਾਲਕ ਸਾਡੀ ਮਦਦ ਕਰਨ ਦੀ ਬਜਾਏ ਟਰਾਲੇ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਸਹਾਇਕ ਥਾਣੇਦਾਰ ਰਘਵਿੰਦਰ ਪ੍ਰਸ਼ਾਦ ਨੇ ਦੱਸਿਆ ਕੇ ਮ੍ਰਿਤਕ ਲ਼ੜਕੀ ਦੇ ਪਿਤਾ ਕਰਮਵੀਰ ਪੁੱਤਰ ਇਸਬਾਰੀ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਅਣਪਛਾਤੇ ਘੋੜਾ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਕਾਬੂ ਕਰਨ ਲਈ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।