ਹਾਦਸੇ ਨੇ ਉਜਾੜਿਆ ਪਰਿਵਾਰ, ਨਵ-ਵਿਆਹੀ ਕੁੜੀ ਸਣੇ ਦੋ ਦੀ ਮੌਤ
Tuesday, Feb 05, 2019 - 06:57 PM (IST)
![ਹਾਦਸੇ ਨੇ ਉਜਾੜਿਆ ਪਰਿਵਾਰ, ਨਵ-ਵਿਆਹੀ ਕੁੜੀ ਸਣੇ ਦੋ ਦੀ ਮੌਤ](https://static.jagbani.com/multimedia/2019_2image_17_49_448980000accident.jpg)
ਫ਼ਾਜ਼ਿਲਕਾ (ਨਾਗਪਾਲ) : ਇਥੋਂ 8 ਕਿਲੋਮੀਟਰ ਦੂਰ ਪਿੰਡ ਅਭੁਨ ਨੇੜੇ ਇਕ ਕਾਰ ਦੇ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਉਣ ਕਾਰਨ ਕਾਰ 'ਚ ਸਵਾਰ ਤਿੰਨ 'ਚੋਂ 2 ਵਿਅਕਤੀਆਂ ਦੀ ਮੋਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਕਰਮਜੀਤ ਸਿੰਘ (26) ਮੂਲ ਵਾਸੀ ਸਰਹੱਦੀ ਪਿੰਡ ਰੇਤੇਵਾਲੀ ਭੈਣੀ ਅਤੇ ਹਾਲ ਵਾਸੀ ਧੀਂਗੜਾ ਕਾਲੋਨੀ ਫਾਜ਼ਿਲਕਾ ਆਪਣੇ ਸਾਲੇ ਜਗਮੀਤ ਸਿੰਘ (23) ਤੇ ਸਾਲੇਹਾਰ ਅਨੂ (21) ਨਾਲ ਬੀਤੇ ਦਿਨੀਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਨੇੜਲੇ ਸ਼ਹਿਰ ਮਲੋਟ ਗਏ ਸਨ। ਰਾਤ ਨੂੰ ਜਦੋਂ ਉਹ ਕਾਰ 'ਚ ਮਲੋਟ ਤੋਂ ਫਾਜ਼ਿਲਕਾ ਵਾਪਸ ਆ ਰਹੇ ਸਨ ਤਾਂ ਪਿੰਡ ਅਭੁਨ ਨੇੜੇ ਸ਼ਾਮ ਕਰੀਬ 7.30 ਵਜੇ ਕਾਰ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ।
ਕਾਰ 'ਚ ਸਵਾਰ ਕਰਮਜੀਤ ਸਿੰਘ ਅਤੇ ਅਨੂ ਦੀ ਮੋਤ ਹੋ ਗਈ। ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਜਗਮੀਤ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਥੋਂ ਉਸਦੀ ਹਾਲਤ ਨੂੰ ਦੇਖਦੇ ਹੋਏ ਅਗਲੇ ਇਲਾਜ਼ ਲਈ ਨੇੜਲੇ ਸ਼ਹਿਰ ਸ਼੍ਰੀਗੰਗਾਨਗਰ ਲਈ ਰੈਫਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਸਿੰਘ ਇਕ ਸਥਾਨਕ ਜਿਮ 'ਚ ਟ੍ਰੇਨਰ ਸੀ ਅਤੇ ਇਸਦਾ ਕਰੀਬ 1 ਸਾਲ ਪਹਿਲਾਂ ਵਿਆਹ ਹੋਇਆ ਸੀ ਜਦਕਿ ਅਨੂ ਦਾ ਕਰੀਬ 6 ਮਹੀਨੇ ਪਹਿਲਾਂ ਜਗਮੀਤ ਸਿੰਘ ਨਾਲ ਵਿਆਹ ਹੋਇਆ ਸੀ। ਪੁਲਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਦੋਵੇਂ ਮ੍ਰਿਤਕਾਂ ਦਾ ਸਥਾਨਕ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।