ਪੰਜਾਬ ਦੀ ਗੁਜਰਾਤ ਤੇ ਮੁੰਬਈ ਦੀਆਂ ਸਮੁੰਦਰੀ ਬੰਦਰਗਾਹਾਂ ਤੱਕ ਸਿੱਧੀ ਰੇਲ ਪਹੁੰਚ

12/23/2017 6:57:20 AM

ਚੰਡੀਗੜ੍ਹ (ਬਿਊਰੋ) - ਪੰਜਾਬ ਰਾਜ ਗੁਦਾਮ ਨਿਗਮ (ਪੀ. ਐੱਸ. ਡਬਲਯੂ. ਸੀ.) ਅਤੇ ਕੰਟੇਨਰ ਕਾਰਪੋਰੇਸ਼ਨ ਆਫ਼ ਇੰਡੀਆ (ਕੌਨਕੋਰ) ਨੇ ਅੱਜ ਇਕ ਸਮਝੌਤੇ 'ਤੇ ਹਸਤਾਖਰ ਕੀਤੇ, ਜਿਸ ਤਹਿਤ ਦੱਪੜ ਇਲਾਕੇ ਵਿਖੇ ਸਥਿਤ ਕੰਟੇਨਰ ਫਰੇਟ (ਮਾਲ ਭਾੜਾ) ਸਟੇਸ਼ਨ ਨੂੰ ਸੁਚੱਜੇ ਢੰਗ ਨਾਲ ਵਿਕਸਤ ਕਰਕੇ ਇਥੇ ਸਭ ਆਧੁਨਿਕ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਅਤੇ ਇਸ ਦੀ ਸਾਂਭ ਸੰਭਾਲ ਨਾਲ ਵਪਾਰ ਨੂੰ ਖਾਸ ਕਰਕੇ ਵੇਅਰ ਹਾਊਸਿੰਗ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਇਹ ਸਮਝੌਤਾ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਦੀ ਹਾਜ਼ਰੀ ਵਿਚ ਸਹੀਬੱਧ ਕੀਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਇਹ ਸਮਝੌਤਾ 1 ਜਨਵਰੀ, 2018 ਤੋਂ ਸ਼ੁਰੂ ਹੋਵੇਗਾ ਅਤੇ ਇਸ ਨਾਲ ਪੰਜਾਬ ਦੇ ਵਪਾਰਕ ਖੇਤਰ ਨੂੰ ਗੁਜਰਾਤ ਅਤੇ ਮੁੰਬਈ ਦੀਆਂ ਸਮੁੰਦਰੀ ਬੰਦਰਗਾਹਾਂ ਤੱਕ ਸਿੱਧਾ ਰੇਲ ਲਾਂਘਾ ਹਾਸਲ ਹੋਵੇਗਾ ਅਤੇ ਇਸ ਦੇ ਨਾਲ ਹੀ ਕੰਟੇਨਰਾਂ ਵਿਚ ਸੁਰੱਖਿਅਤ ਢੰਗ ਨਾਲ ਸਾਮਾਨ ਦੀ ਰੇਲ ਰਾਹੀਂ ਢੋਆ-ਢੁਆਈ ਵਿਚ ਵੀ ਮਦਦ ਮਿਲੇਗੀ। ਇਸ ਦੇ ਨਾਲ ਹੀ ਗੁਜਰਾਤ ਅਤੇ ਮੁੰਬਈ ਵੱਲ ਸਮਾਨ ਭੇਜਣ ਦੇ ਆਵਾਜਾਈ ਖਰਚੇ ਘਟਣਗੇ, ਦਰਾਮਦ/ਬਰਾਮਦ ਸਾਮਾਨ ਨੂੰ ਦੱਪੜ ਵਿਖੇ ਸਟੋਰ ਕਰਕੇ ਰੱਖਣ ਲਈ ਖੁੱਲ੍ਹੇ ਗੋਦਾਮ ਹਾਸਲ ਹੋਣਗੇ ਅਤੇ ਦੱਪੜ ਦੀ ਖੁਸ਼ਕ ਬੰਦਰਗਾਹ ਵਿਖੇ ਸਾਮਾਨ ਦੀ ਕਸਟਮ ਤੋਂ ਕਲੀਅਰੈਂਸ ਵਿਚ ਵੀ ਮਦਦ ਮਿਲੇਗੀ। ਇਸ ਮੌਕੇ ਪੀ. ਐੱਸ. ਡਬਲਯੂ. ਸੀ. ਚੰਡੀਗੜ੍ਹ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਹਰਸੁਹਿੰਦਰਪਾਲ ਸਿੰਘ ਬਰਾੜ ਅਤੇ ਕੌਨਕੋਰ, ਨਵੀਂ ਦਿੱਲੀ ਦੇ ਡਾਇਰੈਕਟਰ (ਇੰਟਰਨੈਸ਼ਨਲ ਮਾਰਕੀਟਿੰਗ) ਸੰਜੇ ਸਵਰੂਪ ਵੀ ਮੌਜੂਦ ਸਨ।


Related News