ਹੈਦਰਾਬਾਦ ਦੀਆਂ ਨਜ਼ਰਾਂ ਪਲੇਅ ਆਫ ’ਚ ਜਗ੍ਹਾ ਬਣਾਉਣ ’ਤੇ, ਵੱਕਾਰ ਲਈ ਖੇਡੇਗਾ ਗੁਜਰਾਤ
Wednesday, May 15, 2024 - 07:47 PM (IST)
ਹੈਦਰਾਬਾਦ, (ਭਾਸ਼ਾ)– ਪ੍ਰਦਰਸ਼ਨ ਵਿਚ ਨਿਰੰਤਰਤਾ ਨਾ ਰੱਖ ਸਕਣ ਦੇ ਬਾਵਜੂਦ ਸਨਰਾਈਜ਼ਰਜ਼ ਹੈਦਰਾਬਾਦ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਲੇਅ ਆਫ ਵਿਚ ਜਗ੍ਹਾ ਬਣਾਉਣ ਲਈ ਵੀਰਵਾਰ ਨੂੰ ਗੁਜਰਾਤ ਟਾਈਟਨਸ ਵਿਰੁੱਧ ਸਿਰਫ ਇਕ ਜਿੱਤ ਦੀ ਲੋੜ ਹੈ ਜਦਕਿ ਗੁਜਰਾਤ ਦੀ ਟੀਮ ਵੱਕਾਰ ਲਈ ਹੀ ਖੇਡੇਗੀ। ਪੈਟ ਕਮਿੰਸ ਦੀ ਟੀਮ ਦੀਆਂ ਨਜ਼ਰਾਂ ਹਾਲਾਂਕਿ ਟਾਪ-2 ਵਿਚ ਜਗ੍ਹਾ ਪੱਕੀ ਕਰਨ ’ਤੇ ਲੱਗੀਆਂ ਹਨ। ਉਸ ਨੇ ਇਸ ਤੋਂ ਬਾਅਦ ਇਕ ਹੋਰ ਮੈਚ ਖੇਡਣੀ ਹੈ ਤੇ ਉਸਦੀ ਨੈੱਟ ਰਨ ਰੇਟ ਵੀ ਪਲੱਸ ਵਿਚ ਹੈ। ਸਨਰਾਈਜ਼ਰਜ਼ ਦੇ 12 ਮੈਚਾਂ ਵਿਚੋਂ 14 ਅੰਕ ਹਨ ਤੇ ਉਹ ਵੱਧ ਤੋਂ ਵੱਧ 18 ਅੰਕ ਹਾਸਲ ਕਰ ਸਕਦੀ ਹੈ, ਜਿਸ ਨਾਲ ਟਾਪ-2 ਵਿਚ ਉਸਦੀ ਜਗ੍ਹਾ ਪੱਕੀ ਹੋ ਜਾਵੇਗੀ।
ਇਸ ਮੁਕਾਬਲੇ ਤੋਂ ਪਹਿਲਾਂ ਸਨਰਾਈਜ਼ਰਜ਼ ਨੂੰ ਇਕ ਹਫਤੇ ਦੀ ਬ੍ਰੇਕ ਮਿਲੀ ਹੈ, ਜਿਸ ਨਾਲ ਉਹ ਤਰੋਤਾਜ਼ਾ ਹੋ ਕੇ ਮੈਦਾਨ ’ਤੇ ਪਰਤਣਗੇ। ਇਸ ਤੋਂ ਇਲਾਵਾ 8 ਮਈ ਨੂੰ ਲਖਨਊ ਸੁਪਰ ਜਾਇੰਟਸ ’ਤੇ ਰਿਕਾਰਡ ਜਿੱਤ ਦਰਜ ਕਰਨ ਤੋਂ ਬਾਅਦ ਉਸਦੇ ਹੌਸਲੇ ਵੈਸੇ ਵੀ ਬੁਲੰਦ ਹਨ। ਗੇਂਦਬਾਜ਼ਾਂ ਨੇ ਲਖਨਊ ਨੂੰ ਘੱਟ ਸਕੋਰ ’ਤੇ ਰੋਕਿਆ ਤੇ ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੀ ਸਲਾਮੀ ਜੋੜੀ ਨੇ 166 ਦੌੜਾਂ ਦਾ ਟੀਚਾ 10 ਵਿਕਟਾਂ ਬਾਕੀ ਰਹਿੰਦਿਆਂ 9.4 ਓਵਰਾਂ ਵਿਚ ਹੀ ਹਾਸਲ ਕਰ ਲਿਆ।
ਸਨਰਾਈਜ਼ਰਜ਼ ਨੇ ਇਸ ਸੈਸ਼ਨ ਵਿਚ ਜਿੱਥੇ ਅਵਿਸ਼ਵਾਸਯੋਗ ਸਕੋਰ ਬਣਾਇਆ ਹੈ, ਉੱਥੇ ਹੀ ਸ਼ਮਰਨਾਕ ਹਾਰ ਵੀ ਝੱਲੀ ਹੈ। ਗੁਜਰਾਤ ਨੇ ਉਸ ਨੂੰ ਟੂਰਨਾਮੈਂਟ ਵਿਚ 7 ਵਿਕਟਾਂ ਨਾਲ ਹਰਾਇਆ ਸੀ। ਪਿਛਲੇ 5 ਮੈਚਾਂ ਵਿਚੋਂ 3 ਵਿਚ ਉਸ ਨੂੰ ਹਾਰ ਝੱਲਣੀ ਪਈ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਉਸ ਨੂੰ 35 ਦੌੜਾਂ ਨਾਲ, ਚੇਨਈ ਸੁਪਰ ਕਿੰਗਜ਼ ਨੇ 78 ਤੇ ਮੁੰਬਈ ਇੰਡੀਅਨਜ਼ ਨੇ 7 ਵਿਕਟਾਂ ਨਾਲ ਹਰਾਇਆ।
2016 ਦੀ ਚੈਂਪੀਅਨ ਟੀਮ ਬੱਲੇਬਾਜ਼ੀ ਵਿਚ ਹੈੱਡ ਤੇ ਸ਼ਰਮਾ ’ਤੇ ਪੂਰੀ ਤਰ੍ਹਾਂ ਨਿਰਭਰ ਹੈ। ਉਨ੍ਹਾਂ ਦੇ ਅਸਫਲ ਰਹਿਣ ’ਤੇ ਉਸਦੀ ਪਾਰੀ ਲੜਖੜਾ ਜਾਂਦੀ ਹੈ, ਲਿਹਾਜ਼ਾ ਨਿਤਿਸ਼ ਰੈੱਡੀ, ਹੈਨਰਿਕ ਕਲਾਸੇਨ ਤੇ ਅਬਦੁੱਲ ਸਮਦ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।
ਦੂਜੇ ਪਾਸੇ 13 ਵਿਚੋਂ ਸਿਰਫ 5 ਮੈਚ ਜਿੱਤ ਸਕੀ ਗੁਜਰਾਤ ਦੇ 11 ਅੰਕ ਹੀ ਹਨ ਤੇ ਉਹ ਜਿੱਤ ਦੇ ਨਾਲ ਆਪਣੀ ਮੁਹਿੰਮ ਖਤਮ ਕਰਨਾ ਚਾਹੇਗੀ। ਸਾਬਕਾ ਕਪਤਾਨ ਹਰਾਦਿਕ ਪੰਡਯਾ ਦੇ ਇਸ ਸੈਸ਼ਨ ਵਿਚ ਮੁੰਬਈ ਇੰਡੀਅਨਜ਼ ਕੋਲ ਪਰਤਣ ਤੋਂ ਬਾਅਦ ਗੁਜਰਾਤ ਦੀ ਟੀਮ ਵਿਚ ਸੰਤੁਲਨ ਨਜ਼ਰ ਨਹੀਂ ਆਇਆ। ਪੰਡਯਾ ਨੇ 2022 ਦੀ ਖਿਤਾਬੀ ਜਿੱਤ ਤੇ ਪਿਛਲੇ ਸਾਲ ਫਾਈਨਲ ਤਕ ਪਹੁੰਚਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸੱਟ ਕਾਰਨ ਮੁਹੰਮਦ ਸ਼ੰਮੀ ਦੇ ਪੂਰੇ ਸੈਸ਼ਨ ਵਿਚੋਂ ਬਾਹਰ ਹੋਣ ਦਾ ਖਾਮਿਆਜ਼ਾ ਵੀ ਉਸ ਨੂੰ ਭੁਗਤਣਾ ਪਿਆ। ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਪਿਛਲਾ ਮੈਚ ਮੀਂਹ ਵਿਚ ਰੱਦ ਹੋ ਗਿਆ ਪਰ ਗੇਂਦਬਾਜ਼ਾਂ ਨੇ ਚੇਨਈ ਸੁਪਰ ਕਿੰਗਜ਼ ਵਿਰੁਧ ਪਹਿਲੇ ਤਿੰਨ ਓਵਰਾਂ ਵਿਚ 3 ਵਿਕਟਾਂ ਲੈ ਕੇ ਉਮੀਦ ਜਗਾਈ ਸੀ। ਬੱਲੇਬਾਜ਼ੀ ਵਿਚ ਕਪਤਾਨ ਸ਼ੁਭਮਨ ਗਿੱਲ ਤੇ ਬੀ. ਸਾਈ ਸੁਦਰਸ਼ਨ ’ਤੇ ਇਕ ਵਾਰ ਫਿਰ ਚੰਗੀ ਸ਼ੁਰੂਆਤ ਦੇਣ ਦੀ ਜ਼ਿੰਮੇਵਾਰੀ ਹੋਵੇਗੀ। ਡੇਵਿਡ ਮਿਲਰ ਇਸ ਸੈਸ਼ਨ ਵਿਚ ਫਾਰਮ ਵਿਚ ਨਹੀਂ ਦਿਸਿਆ ਪਰ ਆਖਰੀ ਮੈਚ ਵਿਚ ਉਹ ਉਪਯੋਗੀ ਪਾਰੀ ਖੇਡਣਾ ਚਾਹੇਗਾ।