ABVP ਨੇ ਨਕਸਲਵਾਦ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Wednesday, Apr 07, 2021 - 02:25 AM (IST)

ABVP ਨੇ ਨਕਸਲਵਾਦ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅੰਮ੍ਰਿਤਸਰ,(ਸੰਜੀਵ)- ਛੱਤੀਸਗਡ਼੍ਹ ਵਿਖੇ ਨਕਲਸੀਆਂ ਹੱਥੋਂ ਸ਼ਹੀਦ ਹੋਏ ਸੀ. ਆਰ. ਪੀ. ਐੱਫ਼. ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਏ. ਬੀ. ਵੀ. ਪੀ. ਦੀ ਸਥਾਨਕ ਇਕਾਈ ਵੱਲੋਂ ਇਕ ਸ਼ਰਧਾਂਜਲੀ ਸਮਾਰੋਹ ’ਤੇ ਮਾਰਚ ਦਾ ਆਯੋਜਨ ਕੀਤਾ ਗਿਆ।

ਵਿਦਿਆਰਥੀ ਆਗੂ ਰਾਜਕਰਨ ਸਿੰਘ ਦੀ ਅਗਵਾਈ ’ਚ ਆਯੋਜਿਤ ਇਸ ਸਮਾਰੋਹ ’ਚ ਦਰਜਨਾਂ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਿਰਕਤ ਕੀਤੀ ਤੇ ਭਾਰਤ ਮਾਤਾ ਕੀ ਜੈ ਦੇ ਆਕਾਸ਼ ਗੁੰਜਾਊ ਨਾਅਰੇ ਲਗਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਮੋਮਬਤੀਆਂ ਜਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਜੀ. ਐੱਨ. ਡੀ. ਯੂ. ਦੇ ਮੁੱਖ ਦਰਵਾਜ਼ੇ ਤੱਕ ਇਕ ਮਾਰਚ ਦਾ ਆਯੋਜਨ ਵੀ ਕੀਤਾ ਗਿਆ।

ਇਸ ਮੌਕੇ ਨਕਲਸੀਆਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਕਰਨ ਸਿੰਘ ਨੇ ਕਿਹਾ ਕਿ ਦੇਸ਼ ਦੀ ਹਕੂਮਤ ਨੂੰ ਨਕਸਲਵਾਦ ਨੂੰ ਖਤਮ ਕਰਨ ਲਈ ਇਕ ਯੋਜਨਾਬੰਦ ਤਰੀਕੇ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਸਮੁੱਚੇ ਧਰਮਾਂ ਅਤੇ ਵਰਗਾਂ ਦਾ ਇਕ ਸਾਂਝਾ ਦੇਸ਼ ਹੈ। ਇਸ ਦੀ ਅਖੰਡਤਾ, ਏਕਤਾ, ਸਦਭਾਵਨਾ ਤੇ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਏ. ਬੀ. ਵੀ. ਪੀ. ਦੇਸ਼ ਦੀ ਤਿੰਨੇ ਫੌਜਾਂ ਅਤੇ ਅਰਧ ਸੈਨਿਕ ਬਲਾਂ ਦੀ ਕਾਰਜਸ਼ੈਲੀ ਨੂੰ ਸਲਾਮ ਕਰਦੀ ਹੈ। ਇਸ ਮੌਕੇ ਅਦਿਤਿਆ ਤਕਿਆਰ, ਸਿਧਾਂਤ ਸਪੋਰੀ, ਬਕੁਲ ਜੋਸ਼ੀ, ਅਨੀਕੇਤ, ਕਨਿਸ਼, ਅਦੀਤੀ ਤੇ ਰਿਸ਼ਿਕਾ ਆਦਿ ਹਾਜ਼ਰ ਸਨ।


author

Bharat Thapa

Content Editor

Related News