ਛਾਤੀ 'ਚ ਪਸ਼ੂ ਦਾ ਸਿੰਙ ਖੁੱਭਣ ਨਾਲ ਨੌਜਵਾਨ ਦੀ ਮੌਤ
Sunday, Aug 04, 2019 - 09:43 AM (IST)

ਅਬੋਹਰ (ਜ. ਬ.) - ਖੇਤਰ 'ਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਆਏ ਦਿਨ ਲੋਕ ਇਨ੍ਹਾਂ ਨਾਲ ਟਕਰਾ ਕੇ ਅਕਾਲ ਮੌਤ ਦਾ ਸ਼ਿਕਾਰ ਹੋ ਰਹੇ ਹਨ। ਬੀਤੀ ਰਾਤ ਪੱਕਾ ਸੀਡ ਫਾਰਮ ਵਾਸੀ ਇਕ ਨੌਜਵਾਨ ਦੀ ਪਿੰਡ ਹਰਿਪੁਰਾ ਦੇ ਕੋਲ ਪਸ਼ੂ ਨਾਲ ਟਕਰਾਉਣ ਕਾਰਣ ਪਸ਼ੂ ਦੇ ਸਿੰਙ ਉਸ ਦੀ ਛਾਤੀ 'ਚ ਖੁੱਬਣ ਨਾਲ ਦਰਦਨਾਕ ਮੌਤ ਹੋ ਗਈ। ਪੁਲਸ ਨੇ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਸ਼ੱਕੀ ਦੱਸਦੇ ਹੋਏ ਪੁਲਸ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਪੱਕਾ ਸੀਡਫਾਰਮ ਵਾਸੀ ਕਰੀਬ 20 ਸਾਲਾ ਸੰਦੀਪ ਕੁਮਾਰ ਪੁੱਤਰ ਸਤਪਾਲ ਦੀ ਮਾਂ ਰੇਸ਼ਮਾ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲਾ ਮਨਜੀਤ ਉਰਫ ਮਨੂ ਪੁੱਤਰ ਇਕਬਾਲ ਉਸ ਨੂੰ ਆਪਣੇ ਨਾਲ ਮੋਟਰਸਾਈਕਲ 'ਤੇ ਉਨ੍ਹਾਂ ਦੇ ਘਰੋਂ ਲੈ ਗਿਆ ਸੀ। ਬੀਤੀ ਸ਼ਾਮ ਮਨਜੀਤ ਦੀ ਪਤਨੀ ਉਨ੍ਹਾਂ ਦੇ ਘਰ ਇਨ੍ਹਾਂ ਦੋਵਾਂ ਦੇ ਵਾਪਸ ਆਉਣ ਬਾਰੇ ਪੁੱਛਣ ਲਈ ਆਈ ਸੀ ਅਤੇ ਅੱਜ ਤੜਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਸੰਦੀਪ ਦੀ ਹਰਿਪੁਰਾ ਦੇ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ ਹੈ, ਜਿਸ 'ਤੇ ਉਹ ਤੁਰੰਤ ਮੌਕੇ 'ਤੇ ਪੁੱਜੇ ਤਾਂ ਵੇਖਿਆ ਕਿ ਉਹ ਸੰਦੀਪ ਦੀ ਹੀ ਲਾਸ਼ ਸੀ ਜੋ ਜ਼ਮੀਨ 'ਤੇ ਲਹੁ-ਲੁਹਾਨ ਪਈ ਸੀ। ਮ੍ਰਿਤਕ ਦੇ ਪਰਿਵਾਰ ਨੇ ਮਾਮਲੇ ਨੂੰ ਸ਼ੱਕੀ ਵੇਖਦੇ ਹੋਏ ਪੁਲਸ ਨੂੰ ਸੂਚਨਾ ਦਿੱਤੀ, ਜਿਸ 'ਤੇ ਥਾਣਾ ਖੂਈਆਂ ਸਰਵਰ ਮੁਖੀ ਪਰਮਜੀਤ, ਏ. ਐੱਸ. ਆਈ. ਪਰਗਟ ਸਿੰਘ ਮੌਕੇ 'ਤੇ ਪੁੱਜੇ ਅਤੇ ਇਸ ਦੀ ਸੂਚਨਾ ਪੁਲਸ ਉੱਚ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਦੇ ਹੀ ਐੱਸ. ਪੀ. ਡੀ. ਫਾਜ਼ਿਲਕਾ ਰਣਬੀਰ ਸਿੰਘ, ਐੱਸ. ਪੀ. ਗੁਰਮੀਤ ਸਿੰਘ ਅਬੋਹਰ, ਡੀ. ਐੱਸ. ਪੀ. ਕੁਲਦੀਪ ਸਿੰਘ ਭੁੱਲਰ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਖੂਨ ਦੇ ਸੈਂਪਲ ਲਏ।
ਪੁਲਸ ਅਧਿਕਾਰੀਆਂ ਨੇ ਆਪਣੀ ਜਾਂਚ 'ਚ ਪਾਇਆ ਕਿ ਪਹਿਲੀ ਨਜ਼ਰ ਵਿਚ ਵੇਖਣ ਤੋਂ ਅਜਿਹਾ ਲੱਗਦਾ ਹੈ ਕਿ ਰਾਤ ਦੇ ਸਮੇਂ ਕਿਸੇ ਪਸ਼ੂ ਦੇ ਮੋਟਰਸਾਈਲਕ ਨਾਲ ਟਕਰਾਉਣ ਕਾਰਣ ਸੰਦੀਪ ਦੀ ਮੌਤ ਹੋਈ ਹੈ ਅਤੇ ਪਸ਼ੂ ਦਾ ਸਿੰਙ ਸੰਦੀਪ ਦੀ ਛਾਤੀ 'ਚ ਖੁੱਬ ਗਿਆ ਹੋਵੇਗਾ। ਉਥੇ ਹੀ ਮੋਟਰਸਾਈਕਲ 'ਤੇ ਪਸ਼ੂ ਦੇ ਕੁਝ ਵਾਲ ਵੀ ਚਿਪਕੇ ਹੋਏ ਮਿਲੇ ਹਨ। ਮੌਕੇ 'ਤੇ ਮੌਜੂਦ ਸੰਦੀਪ ਦੇ ਪਰਿਵਾਰ ਨੇ ਗੁਆਂਢੀ ਮਨਜੀਤ 'ਤੇ ਕਥਿਤ ਦੋਸ਼ ਲਾਉਂਦੇ ਹੋਏ ਉਸ ਤੋਂ ਸਖਤੀ ਨਾਲ ਪੁੱਛਗਿੱਛ ਕਰਨ ਦੀ ਮੰਗ ਕੀਤੀ ਹੈ, ਜਦਕਿ ਮੌਕੇ 'ਤੇ ਹੀ ਮੌਜੂਦ ਮਨਜੀਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਮਨਜੀਤ ਬੀਤੀ ਰਾਤ ਆਪਣੇ ਸਹੁਰਾ ਘਰ 'ਚ ਹੀ ਰੁੱਕ ਗਿਆ ਸੀ। ਮਾਮਲੇ ਨੂੰ ਸ਼ੱਕੀ ਵੇਖਦੇ ਹੋਏ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਪੋਸਟਮਾਰਟਮ ਲਈ ਰਖਵਾਇਆ ਹੈ।