ਪਿਤਾ ਲਗਾਉਂਦਾ ਸੀ ਤੰਦੂਰ ''ਤੇ ਰੋਟੀਆਂ, ਪੁੱਤਰ ਬਣਿਆ ਜੱਜ (ਵੀਡੀਓ)
Saturday, Dec 01, 2018 - 03:20 PM (IST)
ਅਬੋਹਰ(ਸੁਨੀਲ)— ਅਬੋਹਰ ਦੇ ਆਨੰਦ ਨਗਰ ਤੋਂ ਇਕ ਅਜਿਹੇ ਪਰਿਵਾਰ ਦੀ ਤਸਵੀਰ ਸਾਹਮਣੇ ਆਈ ਹੈ, ਜੋ ਤੰਦੂਰ 'ਤੇ ਰੋਟੀਆਂ ਪਕਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਬਲਬੀਰ ਸਿੰਘ ਦੀ ਦੁਕਾਨ ਵਿਚ ਲੱਗੀ ਲਿਸਟ ਵਿਚ ਅੱਜ ਵੀ ਕਮਾਈ ਦਾ ਮੁੱਲ ਢਾਈ ਰੁਪਏ ਤੋਂ ਸ਼ੁਰੂ ਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਵਿਚ ਅੱਜ ਤੱਕ ਕੋਈ ਵੀ ਦੱਸਵੀਂ ਤੋਂ ਅੱਗੇ ਨਹੀਂ ਪੜ੍ਹਿਆ ਸੀ ਅਤੇ ਅੱਜ ਉਸੇ ਪਰਿਵਾਰ ਦਾ ਮੈਂਬਰ ਪੀ.ਸੀ.ਐੱਸ. ਜੂਡੀਸ਼ੀਅਲ ਪ੍ਰੀਖਿਆ ਵਿਚ ਪਾਸ ਹੋ ਕੇ ਜੱਜ ਬਣ ਗਿਆ ਹੈ। ਬਲਬੀਰ ਸਿੰਘ ਦੇ ਪਰਿਵਾਰ ਵਿਚ ਜਿਵੇਂ ਹੀ ਇਹ ਖਬਰ ਪਹੁੰਚੀ ਤਾਂ ਪੂਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ। ਜੱਜ ਬਣਨ ਵਾਲਾ ਅਜੈ ਇਸ ਦਾ ਸਾਰਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦਾ ਹੈ।

ਅਜੈ ਨੇ ਦੱਸਿਆ ਕਿ ਗਰੀਬੀ ਕਾਰਨ ਦੱਸਵੀਂ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਘਰ ਦੇ ਹਾਲਾਤ ਉਸ ਨੂੰ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ ਸਨ। ਅਜਿਹੇ ਵਿਚ ਉਸ ਨੇ ਅਬੋਹਰ ਦੀ ਕਚਹਿਰੀ ਵਿਚ ਇਕ ਵਕੀਲ ਦੇ ਇੱਥੇ ਕਲਰਕ ਦੀ ਨੌਕਰੀ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਨੂੰ ਅੱਗੇ ਵਧਾਇਆ ਅਤੇ 11ਵੀਂ, 12ਵੀਂ ਦੀ ਪੜ੍ਹਾਈ ਪ੍ਰਾਈਵੇਟ ਤੌਰ 'ਤੇ ਪੂਰੀ ਕਰਨ ਤੋਂ ਬਾਅਦ ਅਬੋਹਰ ਦੇ ਖਾਲਸਾ ਕਾਲਜ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ ਬਠਿੰਡਾ ਤੋਂ ਲਾਅ ਦੀ ਡਿਗਰੀ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਦੂਜੀ ਕੋਸ਼ਿਸ਼ ਵਿਚ ਪੀ.ਸੀ.ਐੱਸ. ਜੂਡੀਸ਼ੀਅਲ ਪ੍ਰੀਖਿਆ ਪਾਸ ਕਰ ਕੇ ਅੱਜ ਉਹ ਜੱਜ ਬਣ ਗਿਆ ਹੈ।
