‘ਸ਼੍ਰੋਅਦ-ਭਾਜਪਾ ’ਤੇ ਦੋਸ਼ ਲਾਉਣ ਤੋਂ ਪਹਿਲਾਂ ਕਾਂਗਰਸੀ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੇ’
Sunday, Feb 23, 2020 - 12:10 PM (IST)
ਅਬੋਹਰ (ਸੁਨੀਲ) - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪਿੰਡ ਬਾਦਲ ਸਥਿਤ ਨਿਵਾਸ ’ਤੇ ਮਿਲਣ ਆਏ ਭਾਜਪਾ ਦੇ ਨਵ-ਨਿਯੁਕਤ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਦਾ ਏਅਰਪੋਰਟ ਪਹੁੰਚਣ ’ਤੇ ਪੰਜਾਬ ਪ੍ਰਦੇਸ਼ ਪ੍ਰਧਾਨ ਅਸ਼ਿਵਨੀ ਸ਼ਰਮਾ ਦੀ ਅਗਵਾਈ ਹੇਠ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੀ ਪ੍ਰਦੇਸ਼ ਸਕੱਤਰ ਮੋਨਾ ਜਾਇਸਵਾਲ, ਭਾਜਪਾ ਦੇ ਜ਼ਿਲਾ ਪ੍ਰਧਾਨ ਧਨਪਤ ਸਿਆਗ ਅਤੇ ਹੋਰ ਭਾਜਪਾ ਅਹੁਦੇਦਾਰ ਮੌਜੂਦ ਸਨ। ਵਿਧਾਇਕ ਨਾਰੰਗ ਨੇ ਸ. ਬਾਦਲ ਨਾਲ ਨੱਡਾ ਦੇ ਮਿਲਣ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਬੀਤੇ ਦਿਨੀਂ ਸ਼੍ਰੋਅਦ-ਭਾਜਪਾ ਦੀ ਫੁੱਟ ਦੀਆਂ ਅਟਕਲਾਂ ’ਤੇ ਰੋਕ ਲੱਗੀ ਹੈ। ਇਸ ਤੋਂ ਸਾਬਤ ਹੋ ਗਿਆ ਹੈ ਕਿ ਸ਼੍ਰੋਅਦ-ਭਾਜਪਾ ’ਚ ਨਹੁੰ ਮਾਸ ਦਾ ਰਿਸ਼ਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ’ਚ ਆਉਣ ਮਗਰੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਲਈ ਉਹ ਆਪਣਾ ਘਰ ਸੰਭਾਲਣ। ਨਾਰੰਗ ਨੇ ਕਿਹਾ ਕਿ ਸ਼੍ਰੋਅਦ-ਭਾਜਪਾ ’ਤੇ ਦੋਸ਼ ਲਾਉਣ ਤੋਂ ਪਹਿਲਾਂ ਕਾਂਗਰਸੀ ਆਪਣੀ ਪੀੜੀ ਥੱਲੇ ਸੋਟਾ ਮਾਰਨ, ਕਿਉਂਕਿ ਉਨ੍ਹਾਂ ਦੇ ਨੇਤਾਵਾਂ ਦੀ ਉਨ੍ਹਾਂ ਦੀ ਹੀ ਸਰਕਾਰ ’ਚ ਸੁਣਵਾਈ ਨਹੀਂ ਹੋ ਰਹੀ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਬਿਆਨ ਜਾਰੀ ਕੀਤਾ ਕਿ ਸੂਬੇ ਦੀ ਅਫਸਰਸ਼ਾਹੀ ਕਾਂਗਰਸੀ ਨੇਤਾਵਾਂ ਦੀ ਸੁਣਵਾਈ ਨਹੀਂ ਕਰ ਰਹੀ। ਇਸ ਤੋਂ ਇਲਾਵਾ ਕਾਂਗਰਸੀ ਵਿਧਾਇਕਾਂ ਨੂੰ ਸਮਾਂ ਨਾ ਦੇ ਕੇ ਮੁੱਖ ਮੰਤਰੀ ਕੈਪਟਨ ਉਨ੍ਹਾਂ ਨੂੰ ਅਣ ਡਿੱਠਾ ਕਰ ਰਹੇ ਹਨ।