ਕਸ਼ਮੀਰ ''ਚ ਅੱਤਵਾਦੀਆਂ ਵਲੋਂ ਮਾਰੇ ਗਏ ਚਰਨਜੀਤ ਨੂੰ 8 ਸਾਲਾ ਪੁੱਤਰ ਨੇ ਦਿੱਤੀ ਅਗਨੀ
Friday, Oct 18, 2019 - 05:45 PM (IST)

ਅਬੋਹਰ (ਸੁਨੀਲ) : ਬੀਤੇ ਦਿਨੀਂ ਕਸ਼ਮੀਰ 'ਚ ਸੇਬ ਦਾ ਵਪਾਰ ਕਰਨ ਗਏ ਵਿਅਕਤੀ ਦੀ ਅੱਤਵਾਦੀਆਂ ਵਲੋਂ ਹੱਤਿਆ ਕੀਤੇ ਜਾਣ ਮਗਰੋਂ ਲਾਸ਼ ਬੀਤੀ ਦੇਰ ਰਾਤ ਅਬੋਹਰ ਪਹੁੰਚ ਗਈ ਹੈ। ਮ੍ਰਿਤਕ ਚਰਨਜੀਤ ਦਾ ਫਾਜ਼ਿਲਕਾ ਰੋਡ ਸਥਿਤ ਸ਼ਮਸ਼ਾਨਘਾਟ 'ਚ ਅੱਜ ਸਵੇਰੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਥੇ ਜ਼ਿਲਾ ਪੱਧਰ ਦੇ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਤੋਂ ਇਲਾਵਾ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ। ਚਰਨਜੀਤ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਮਨਜੀਤ ਸਿੰਘ, ਜ਼ਿਲਾ ਪੁਲਸ ਕਪਤਾਨ ਭੂਪਿੰਦਰ ਸਿੰਘ ਤੇ ਵਿਧਾਇਕ ਅਰੁਣ ਨਾਰੰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਮ੍ਰਿਤਕ ਦੇ 8 ਸਾਲਾ ਬੇਟੇ ਕ੍ਰਿਸ਼ਨਾ ਨੇ ਆਪਣੇ ਪਿਤਾ ਨੂੰ ਅੱਗ ਦਿੱਤੀ।
ਡੀ.ਸੀ. ਮਨਜੀਤ ਸਿੰਘ ਨੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਇਸ ਪਰਿਵਾਰ ਨੂੰ ਦੋ ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਜੰਮੂ ਕਸ਼ਮੀਰ ਸਰਕਾਰ ਵਲੋਂ 4 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਇਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਣਗੇ, ਤਾਂਕਿ ਉਕਤ ਪਰਿਵਾਰ ਨੂੰ ਆਰਥਿਕ ਸਹਾਇਤਾ ਅਤੇ ਸੁਵਿਧਾਵਾਂ ਮੁਹੱਈਆ ਹੋ ਸਕਣ। ਉਨ੍ਹਾਂ ਦੱਸਿਆ ਕਿ ਇਸ ਅੱਤਵਾਦੀ ਹਮਲੇ 'ਚ ਫੱਟੜ ਹੋਏ ਸੰਜੀਵ ਚਰਾਇਆ ਦੀ ਹਾਲਤ ਅੱਜੇ ਠੀਕ ਹੈ ਅਤੇ ਉਸ ਨੂੰ ਵੀ ਸਰਕਾਰ ਨੇ ਇਕ ਲੱਖ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ।
ਮ੍ਰਿਤਕ ਚਰਨਜੀਤ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਵਿਧਾਇਕ ਅਰੁਣ ਨਾਰੰਗ ਨੇ ਦੁੱਖ ਜਤਾਉਂਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਅੱਤਵਾਦ ਪੀੜਤ ਐਲਾਨਿਆ ਜਾਵੇ, ਤਾਂਕਿ ਪਰਿਵਾਰ ਨੂੰ ਨੌਕਰੀ, ਪੈਨਸ਼ਨ, ਮੁਆਵਜਾ, ਸਿੱਖਿਆ ਤੇ ਮੈਡੀਕਲ ਸਮੇਤ ਹੋਰ ਸਾਰੀਆਂ ਸੁਵਿਧਾਵਾਂ ਮਿਲ ਸਕੇ।ਮ੍ਰਿਤਕ ਦੀ ਪਤਨੀ ਤੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਪਤੀ ਨੂੰ ਮਾਰਣ ਵਾਲੇ ਅੱਤਵਾਦੀਆਂ ਦਾ ਪਤਾ ਲਾ ਕੇ ਮਾਰਿਆ ਜਾਵੇ ਅਤੇ ਬਦਲਾ ਲਿਆ ਜਾਵੇ। ਇਸ ਮੌਕੇ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੇ ਓ.ਐੱਸ.ਡੀ. ਰਾਜੂ, ਨਗਰ ਕਾਂਗਰਸ ਪ੍ਰਧਾਨ ਮੋਹਨ ਲਾਲ ਠਠਈ, ਗੁਰਵਿੰਦਰ ਸਿੰਘ ਲਾਊ ਜਾਖੜ, ਹਰਿੰਦਰ ਹੈਰੀ ਦੇ ਇਲਾਵਾ ਡੀ.ਐੈੱਸ.ਪੀ ਰਾਹੁਲ ਭਾਰਦਵਾਜ ਮੌਜੂਦ ਸਨ।