UPSC ਦੀ ਪ੍ਰੀਖਿਆ ’ਚ ਜਲੰਧਰ ਦੀ ਆਰੂਸ਼ੀ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂ, ਹੋ ਰਹੀਆਂ ਤਾਰੀਫ਼ਾਂ
Wednesday, Apr 23, 2025 - 06:57 PM (IST)

ਜਲੰਧਰ (ਵਿਨੀਤ)–ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.) ਵੱਲੋਂ ਮੰਗਲਵਾਰ ਸਿਵਲ ਸਰਵਿਸ ਐਗਜ਼ਾਮ-2024 ਦਾ ਫਾਈਨਲ ਰਿਜ਼ਲਟ ਜਾਰੀ ਕੀਤਾ ਗਿਆ, ਜਿਸ ਤਹਿਤ ਦੇਸ਼ ਭਰ ਦੇ 1009 ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਦਾ ਐਲਾਨ ਕੀਤਾ ਗਿਆ। ਜਾਰੀ ਰਿਜ਼ਲਟ ਵਿਚ ਮਹਾਨਗਰ ਜਲੰਧਰ ਦੀ ਬੇਟੀ ਆਰੂਸ਼ੀ ਸ਼ਰਮਾ ਨੇ ਵੀ ਦਬਦਬਾ ਕਾਇਮ ਕਰਦੇ ਹੋਏ 184ਵਾਂ ਆਲ ਇੰਡੀਆ ਹਾਸਲ ਕੀਤਾ ਹੈ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ। ਰਿਜ਼ਲਟ ਦੇ ਐਲਾਨ ਤੋਂ ਬਾਅਦ ਆਰੂਸ਼ੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਇਸ ਦੌਰਾਨ ਖ਼ੁਸ਼ੀ ਵਿਚ ਜੰਮ ਕੇ ਲੱਡੂ ਵੰਡੇ ਅਤੇ ਢੋਲ ਦੀ ਥਾਪ ’ਤੇ ਭੰਗੜਾ ਵੀ ਪਾਇਆ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, ਵਿਭਾਗ ਨੇ 3 ਦਿਨਾਂ ਲਈ ਜਾਰੀ ਕੀਤਾ Alert, ਸੋਚ ਸਮਝ ਕੇ ਨਿਕਲਣਾ ਘਰੋਂ ਬਾਹਰ
ਆਨਲਾਈਨ ਟੈਸਟ ਸੀਰੀਜ਼ ਅਤੇ ਸੈਲਫ ਸਟੱਡੀ ਨੇ ਦਿਵਾਈ ਸਫ਼ਲਤਾ
ਆਰੂਸ਼ੀ ਨੇ ਆਪਣੀ 10ਵੀਂ ਦੀ ਪੜ੍ਹਾਈ ਸੇਂਟ ਜੋਸਫ ਕਾਨਵੈਂਟ ਸਕੂਲ ਤੋਂ ਕੀਤੀ ਅਤੇ 97 ਫੀਸਦੀ ਅੰਕਾਂ ਨਾਲ ਪਾਸ ਕੀਤੀ। ਉਥੇ ਹੀ, 11ਵੀਂ ਅਤੇ 12ਵੀਂ ਦੀ ਪੜ੍ਹਾਈ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਫਾਰ ਗਰਲਜ਼ ਅਰਬਨ ਅਸਟੇਟ ਤੋਂ ਕੀਤੀ ਅਤੇ 12ਵੀਂ ਆਰਟਸ ਵਿਚ 98.5 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਭਰ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ। ਇਸ ਉਪਰੰਤ ਆਰੂਸ਼ੀ ਨੇ ਆਪਣੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਦੇ ਸੇਂਟ ਜੀਸਸ ਐਂਡ ਮੈਰੀ ਕਾਲਜ ਤੋਂ ਜਾਰੀ ਰੱਖਦੇ ਹੋਏ ਸਾਇਕਾਲੋਜੀ (ਆਨਰਸ) ਕੀਤੀ। ਆਰੂਸ਼ੀ ਮੁਤਾਬਕ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਫਾਰ ਗਰਲਜ਼ ਵਿਚ ਪੜ੍ਹਦੇ ਸਮੇਂ ਉਹ ਸਕੂਲ ਦੀ ਹੈੱਡ ਗਰਲ ਹੋਣ ਦੇ ਨਾਲ-ਨਾਲ ਸੋਸ਼ਲ ਸਰਵਿਸ ਕਲੱਬ ਦੀ ਇੰਚਾਰਜ ਵੀ ਰਹੀ ਅਤੇ ਉਦੋਂ ਤੋਂ ਹੀ ਉਸ ਨੇ ਭਵਿੱਖ ਵਿਚ ਸਿਵਲ ਸੇਵਾ ਦੇ ਖੇਤਰ ਵਿਚ ਅੱਗੇ ਵਧਣ ਦਾ ਸੁਫ਼ਨਾ ਵੇਖ ਲਿਆ ਸੀ। ਆਪਣੇ ਇਸੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਆਰੂਸ਼ੀ ਨੇ ਜਿੱਥੇ ਸੋਸ਼ਲ ਮੀਡੀਆ ਤੋਂ ਹਰ ਸਮੇਂ ਦੂਰੀ ਬਣਾਈ ਰੱਖੀ, ਉਥੇ ਹੀ ਆਨਲਾਈਨ ਟੈਸਟ ਸੀਰੀਜ਼ ਦੇ ਨਾਲ ਆਪਣੇ ਘਰ ਵਿਚ ਹੀ 'ਸੈਲਫ ਸਟੱਡੀ' ਨੂੰ ਆਪਣੀ ਤਿਆਰੀ ਦਾ ਆਧਾਰ ਬਣਾ ਕੇ ਉਕਤ ਪ੍ਰੀਖਿਆ ਨੂੰ ਆਪਣੇ ਦੂਜੇ ਅਟੈਂਪਟ ਵਿਚ ਕਲੀਅਰ ਕਰਕੇ ਸਫ਼ਲਤਾ ਦਾ ਝੰਡਾ ਲਹਿਰਾਇਆ। ਆਰੂਸ਼ੀ ਦੇ ਪਿਤਾ ਸੀ. ਏ. ਅਸੀਮ ਸ਼ਰਮਾ, ਮਾਤਾ ਨੀਤੂ ਸ਼ਰਮਾ, ਭਰਾ ਅਨਿਰੁੱਧ ਸ਼ਰਮਾ ਦੇ ਨਾਲ ਹੀ ਗ੍ਰੈਂਡ ਪੇਰੈਂਟਸ ਰਵੀਕਾਂਤ ਸ਼ਰਮਾ ਅਤੇ ਅੰਜਨਾ ਵਾਹੀ ਉਸ ਦੀ ਉਕਤ ਉਪਲੱਬਧੀ ’ਤੇ ਫੁੱਲੇ ਨਹੀਂ ਸਮਾ ਰਹੇ ਸਨ। ਉਨ੍ਹਾਂ ਸਖ਼ਤ ਮਿਹਨਤ ਅਤੇ ਲਗਨ ਨਾਲ ਆਪਣੇ ਸੁਫ਼ਨੇ ਨੂੰ ਸਾਕਾਰ ਕਰਨ ’ਤੇ ਆਰੂਸ਼ੀ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਐਨਕਾਊਂਟਰ 'ਚ ਮਾਰੇ ਗਏ ਗੁਰਪ੍ਰੀਤ ਸਿੰਘ ਦਾ ਭਰਾ ਆਇਆ ਸਾਹਮਣੇ, ਦਿੱਤਾ ਵੱਡਾ ਬਿਆਨ
ਅਨੁਸਾਸ਼ਿਤ ਜੀਵਨ ਨਾਲ ਹਰੇਕ ਕੰਮ ‘ਸੰਭਵ’
ਆਰੂਸ਼ੀ ਸ਼ਰਮਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁੱਲ ਕਲਾਮ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਰਹੀ, ਜਿਸ ਵਿਚ ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਕੋਈ ਕੰਮ ਅਜਿਹਾ ਨਹੀਂ, ਜਿਹੜਾ ਅਸੰਭਵ ਹੋਵੇ। ਸਖ਼ਤ ਮਿਹਨਤ, ਅਨੁਸਾਸ਼ਿਤ ਜੀਵਨ, ਲਗਨ ਅਤੇ ਈਮਾਨਦਾਰੀ ਨਾਲ ਜ਼ਿੰਦਗੀ ਵਿਚ ਹਰੇਕ ਕੰਮ ਨੂੰ ‘ਸੰਭਵ’ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਪਲੇਟਫਾਰਮ ’ਤੇ ਆਪਣੇ ਸਮੇਂ ਨੂੰ ਅਜਾਈਂ ਨਾ ਗੁਆਉਣ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਨੂੰ ਸਮੇਂ ਦੀ ਸਹੀ ਵਰਤੋਂ ਕਰਨ ਦੀ ਪ੍ਰੇਰਣਾ ਦਿੱਤੀ।
ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਹੋਵੇਗਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e