''ਆਪ'' ਸਿਆਸੀ ਸਿਸਟਮ ਦੀ ਤਬਦੀਲੀ ਵਾਲੀ ਜੰਗ ਨਹੀਂ ਹਾਰੀ: ਕੁਲਦੀਪ ਧਾਲੀਵਾਲ

03/23/2017 2:45:10 PM

ਜਗਦੇਵ ਕਲਾਂ/ਜਲੰਧਰ (ਜੁਗਿੰਦਰ ਸੰਧੂ)—ਆਮ ਆਦਮੀ ਪਾਰਟੀ ਪੰਜਾਬ ਦੀਆਂ ਅਸੈਂਬਲੀ ਚੋਣਾਂ ''ਚ ਭਾਵੇਂ ਬਹੁਤ ਸਾਰੀਆਂ ਸੀਟਾਂ ''ਤੇ ਹਾਰ ਗਈ ਪਰ ਸਿਆਸੀ ਸਿਸਟਮ ''ਚ ਤਬਦੀਲੀ ਦੀ ਜੰਗ ਜਿੱਤ ਗਈ ਹੈ। ਪੰਜਾਬ ''ਚ ਤਬਦੀਲੀ ਦੀ ਜਿਹੜੀ ਲਹਿਰ ਹੁਣ ਛਿੜੀ ਹੈ, ਉਸ ਦੇ ਵੱਡੇ ਨਤੀਜੇ ਆਉਣ ਵਾਲੇ ਦਿਨਾਂ ''ਚ ਦੇਖਣ ਨੂੰ ਮਿਲਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ''ਆਪ'' ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ ਵਾਲੰਟੀਅਰਾਂ ਦੇ ਜਗਦੇਵ ਕਲਾਂ ''ਚ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਪਿੰਡ ਵਾਸੀਆਂ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਇੱਥੋਂ ਦੇ ਵੋਟਰਾਂ ਨੇ ''ਆਪ'' ਉਮੀਦਵਾਰ ਨੂੰ ਰਿਕਾਰਡ ਤੋੜ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਲੋਕ ਹਮੇਸ਼ਾਂ ਜਨਤਕ ਲਹਿਰਾਂ ''ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਹੁਣ ਵੀ ਅਜਿਹਾ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ''ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਤਿੰਨ ਸਾਲਾਂ ਤੋਂ ਹੋਦ ''ਚ ਆਈ ਆਮ ਆਦਮੀ ਪਾਰਟੀ ਅੱਜ ਅਸੈਂਬਲੀ ''ਚ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਦੀ ਸਰਕਾਰ ਨੇ ਆਪਣੇ ਕਈ ਚੇਲਿਆਂ ਅਤੇ ਚਹੇਤਿਆਂ ਨੂੰ ਵੱਡੇ-ਵੱਡੇ ਅਹੁਦੇ ਬਖਸ਼ ਕੇ ਆਪਣਾ ਲੋਕ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਸ.ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਜਨਤਾ ਦੇ ਮਸਲੇ ਹੱਲ ਕਰਵਾਉਣ ਲਈ ਹਮੇਸ਼ਾਂ ਸੰਘਰਸ਼ ਕਰਦੀ ਰਹੇਗੀ। ਉਨ੍ਹਾਂ ਨੇ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਹੌਂਸਲੇ ਨਾਲ ਲੋਕਾਂ ਦੇ ਦੁੱਖ-ਸੁੱਖ ''ਚ ਭਾਈਵਾਲ ਬਣਨ ਅਤੇ ਅਗਲੀ ਲੜਾਈ ਲਈ ਹੁਣੇ ਤੋਂ ਤਿਆਰੀ ਆਰੰਭ ਦੇਣ। ਇਸ ਮੌਕੇ ਮਾਸਟਰ ਸ਼ੁਬੇਗ ਸਿੰਘ ਗਿੱਲ, ਜਸਬੀਰ ਸਿੰਘ ਗਿੱਲ, ਸਾਬਕਾ ਸਰਪੰਡ ਬਲਵਿੰਦਰ ਸਿੰਘ, ਭਾਊ ਦਿਲਬਾਗ ਸਿੰਘ, ਕਿਰਪਾਲ ਸਿੰਘ, ਸਤਨਾਮ ਸਿੰਘ ਨੰਬਰਦਾਰ, ਗੁਰਲਾਲ ਸਿੰਘ, ਭੁਪਿੰਦਰ ਸਿੰਘ ਗਿੱਲ ਵੀ ਮੌਜੂਦ ਸਨ। 

Related News