‘ਆਪ’ ਵਿਧਾਇਕਾਂ ਨੇ ਸਮਾਰਟ ਸਿਟੀ ਪ੍ਰਾਜੈਕਟ ’ਚ ਲਾਏ ਧਾਂਦਲੀ ਦੇ ਦੋਸ਼, ਕਿਹਾ ਹੋਵੇ ਕਾਰਵਾਈ

Tuesday, Mar 29, 2022 - 02:57 PM (IST)

‘ਆਪ’ ਵਿਧਾਇਕਾਂ ਨੇ ਸਮਾਰਟ ਸਿਟੀ ਪ੍ਰਾਜੈਕਟ ’ਚ ਲਾਏ ਧਾਂਦਲੀ ਦੇ ਦੋਸ਼, ਕਿਹਾ ਹੋਵੇ ਕਾਰਵਾਈ

ਜਲੰਧਰ (ਖੁਰਾਣਾ) : ਸ਼ਹਿਰ ਵਿਚੋਂ ਜਿੱਤੇ ਆਮ ਆਦਮੀ ਪਾਰਟੀ ਦੇ ਦੋਵਾਂ ਵਿਧਾਇਕਾਂ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਨੇ ਅੱਜ ਪਹਿਲੀ ਵਾਰ ਜਲੰਧਰ ਨਗਰ ਨਿਗਮ ਦਫਤਰ ਆ ਕੇ ਕਮਿਸ਼ਨਰ ਅਤੇ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇਕ ਲੰਮੀ ਮੀਟਿੰਗ ਕੀਤੀ। ਇਸ ਦੌਰਾਨ ਬਿਲਡਿੰਗ ਵਿਭਾਗ ਅਤੇ ਤਹਿਬਾਜ਼ਾਰੀ ਸਮੇਤ ਸਾਰੇ ਵਿਭਾਗਾਂ ਦੀ ਜੰਮ ਕੇ ਕਲਾਸ ਲਾਈ ਗਈ। ਦੋਵਾਂ ਵਿਧਾਇਕਾਂ ਨੇ ਸਮਾਰਟ ਸਿਟੀ ਪ੍ਰਾਜੈਕਟਾਂ ਵਿਚ ਧਾਂਦਲੀ ਦਾ ਦੋਸ਼ ਲਾਉਂਦਿਆਂ ਜਿਥੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ, ਉਥੇ ਹੀ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਹਨ ਕਿ ਪਿਛਲੇ ਸਮੇਂ ਦੌਰਾਨ ਬਣੀਆਂ ਅਤੇ ਇਨ੍ਹੀਂ ਦਿਨੀਂ ਬਣ ਰਹੀਆਂ ਸਾਰੀਆਂ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ’ਤੇ ਬਿਨਾਂ ਪੱਖਪਾਤ ਕਾਰਵਾਈ ਕੀਤੀ ਜਾਵੇ।

120 ਫੁੱਟੀ ਰੋਡ ਪ੍ਰਾਜੈਕਟ ਦੀ ਵਿਜੀਲੈਂਸ ਤੋਂ ਹੋਵੇਗੀ ਜਾਂਚ

‘ਆਪ’ ਦੇ ਵਿਧਾਇਕ ਨੇ ਕਿਹਾ ਕਿ 120 ਫੁੱਟੀ ਰੋਡ ’ਤੇ ਸਮਾਰਟ ਸਿਟੀ ਦੇ 20 ਕਰੋੜ ਰੁਪਏ ਨਾਲ ਜਿਹੜਾ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਪੂਰਾ ਕੀਤਾ ਗਿਆ ਹੈ, ਉਸ ਵਿਚ ਵੱਡੀ ਧਾਂਦਲੀ ਹੋਈ ਹੈ ਅਤੇ ਉਸ ਵਿਚ ਸਾਬਕਾ ਵਿਧਾਇਕ ਦੀ ਵੀ ਸ਼ਮੂਲੀਅਤ ਹੈ। ਇਸ ਧਾਂਦਲੀ ਨੂੰ ਮੁੱਖ ਮੰਤਰੀ ਤੱਕ ਵੀ ਲਿਜਾਇਆ ਜਾਵੇਗਾ ਅਤੇ ਵਿਜੀਲੈਂਸ ਤੋਂ ਵੀ ਜਾਂਚ ਕਰਵਾਈ ਜਾਵੇਗੀ। ਵਿਧਾਇਕ ਸ਼ੀਤਲ ਨੇ ਕਿਹਾ ਕਿ ਉਹ ਪਿਛਲੇ 8 ਮਹੀਨਿਆਂ ਤੋਂ ਇਸ ਪ੍ਰਾਜੈਕਟ ਨੂੰ ਲੈ ਕੇ ਲੜਾਈ ਲੜ ਰਹੇ ਹਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪ੍ਰਾਜੈਕਟ ਦੇ ਸੈਂਪਲ ਭਰਵਾਏ ਜਾਣਗੇ ਅਤੇ ਧਾਂਦਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਦਾ ਪਤਾ ਲਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੈਸਟ ਹਲਕੇ ਵਿਚ ਸਮਾਰਟ ਸਿਟੀ ਅਤੇ ਹੋਰ ਸ੍ਰੋਤ ਤੋਂ ਚੱਲ ਰਹੇ ਪ੍ਰਾਜੈਕਟਾਂ ਦੀ ਫਾਈਲਾਂ ਵੀ ਨਿਗਮ ਅਧਿਕਾਰੀਆਂ ਕੋਲੋਂ ਤਲਬ ਕੀਤੀਆਂ ਅਤੇ ਕਿਹਾ ਕਿ ਵੱਡੇ ਪੱਧਰ ’ਤੇ ਹੋਈ ਧਾਂਦਲੀ ਦਾ ਪਰਦਾਫਾਸ਼ ਕੀਤਾ ਜਾਵੇਗਾ।

ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਨੂੰ ਬਖਸ਼ਿਆ ਨਾ ਜਾਵੇ

‘ਆਪ’ ਵਿਧਾਇਕਾਂ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਬਿਲਡਿੰਗ ਵਿਭਾਗ ’ਤੇ ਸਿਆਸੀ ਦਬਾਅ ਹਾਵੀ ਰਿਹਾ, ਜਿਸ ਕਾਰਨ ਨਾਜਾਇਜ਼ ਨਿਰਮਾਣ ਹੋਏ ਅਤੇ ਕਾਲੋਨੀਆਂ ਕੱਟੀਆਂ ਗਈਆਂ ਪਰ ਹੁਣ ਸਿਆਸੀ ਦਬਾਅ ਨਹੀਂ ਪਾਇਆ ਜਾਵੇਗਾ ਅਤੇ ਨਾਜਾਇਜ਼ ਨਿਰਮਾਣਾਂ ਤੇ ਕਾਲੋਨੀਆਂ ’ਤੇ ਨਿਗਮ ਨੂੰ ਬਿਨਾਂ ਪੱਖਪਾਤ ਕਾਰਵਾਈ ਕਰਨੀ ਹੋਵੇਗੀ। ਗਰੀਬਾਂ ਦੇ ਇਕ-ਡੇਢ ਮਰਲੇ ਤੱਕ ਮਕਾਨਾਂ ਨੂੰ ਛੋਟ ਦਿਵਾਉਣ ਲਈ ਸਰਕਾਰ ਕੋਲ ਪਹੁੰਚ ਕੀਤੀ ਜਾਵੇਗੀ ਪਰ ਵੱਡੀਆਂ-ਵੱਡੀਆਂ ਬਿਲਡਿੰਗਾਂ ਨਾਲ ਸਰਕਾਰੀ ਖਜ਼ਾਨੇ ਨੂੰ ਹੋ ਰਹੇ ਨੁਕਸਾਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਕਤ ਵਿਧਾਇਕਾਂ ਨੇ ਕਿਹਾ ਕਿ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਬਾਰੇ ਉਨ੍ਹਾਂ ਵੱਲੋਂ ਆਈਆਂ ਸਿਫਾਰਸ਼ਾਂ ਨੂੰ ਵੀ ਨਾ ਮੰਨਿਆ ਜਾਵੇ ਅਤੇ ਵਿਭਾਗ ਆਪਣੇ ਪੱਧਰ ’ਤੇ ਕਾਰਵਾਈ ਕਰੇ। ਇਸ ਦੌਰਾਨ ਸ਼ੀਤਲ ਅੰਗੁਰਾਲ ਨੇ ਬਸਤੀ ਬਾਵਾ ਖੇਲ ਅਤੇ ਕਾਲਾ ਸੰਘਿਆਂ ਰੋਡ ’ਤੇ ਕੱਟੀਆਂ ਨਾਜਾਇਜ਼ ਕਾਲੋਨੀਆਂ ਦੀ ਲਿਸਟ ਵੀ ਤਲਬ ਕੀਤੀ।

PunjabKesari

ਪ੍ਰਾਪਰਟੀ ਟੈਕਸ ਵਿਭਾਗ ਵੀ ਕਰੇ ਸਖ਼ਤੀ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਜਿਥੇ ਬੀ. ਐਂਡ ਆਰ. ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਏ ਕੰਮਾਂ ਸਬੰਧੀ ਲਿਸਟਾਂ ਉਨ੍ਹਾਂ ਨੂੰ ਪਹੁੰਚਾਈਆਂ ਜਾਣ, ਉਥੇ ਹੀ ਉਨ੍ਹਾਂ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਿਦੱਤੇ ਕਿ ਟੈਕਸ ਦੀ ਉਗਰਾਹੀ ਲਈ ਕੈਂਪ ਲਾਏ ਜਾਣ ਅਤੇ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਜਾਵੇ। ਨਿਸ਼ਚਿਤ ਮਿਆਦ ’ਚ ਟੈਕਸ ਜਮ੍ਹਾ ਨਾ ਕਰਵਾਉਣ ਵਾਲਿਆਂ ’ਤੇ ਸਖ਼ਤੀ ਵੀ ਕੀਤੀ ਜਾਵੇ ਤਾਂ ਕਿ ਖਜ਼ਾਨੇ ਨੂੰ ਭਰਿਆ ਜਾ ਸਕੇ।

ਖੁਦ ਵਿਧਾਇਕ ਨੇ ਖੋਲ੍ਹੀ ਤਹਿਬਾਜ਼ਾਰੀ ਵਿਭਾਗ ਦੀ ਪੋਲ

ਰੈਣਕ ਬਾਜ਼ਾਰ ਦੇ ਦੁਕਾਨਦਾਰ ਤੋਂ ਵਿਧਾਇਕ ਬਣੇ ਰਮਨ ਅਰੋੜਾ ਨੇ ਅੱਜ ਮੀਟਿੰਗ ਦੌਰਾਨ ਤਹਿਬਾਜ਼ਾਰੀ ਵਿਭਾਗ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਅੱਜ ਬਾਜ਼ਾਰਾਂ ਵਿਚ ਦਾਖਲ ਹੋਣਾ ਮੁਸ਼ਕਲ ਹੈ ਅਤੇ ਦੁਕਾਨਦਾਰਾਂ ਤੇ ਫੜ੍ਹੀਆਂ ਵਾਲਿਆਂ ਨੇ 10-20 ਫੁੱਟ ਕਬਜ਼ੇ ਆਮ ਕਰ ਰੱਖੇ ਹਨ। ਵਿਭਾਗ ਕਿਸ ਤਰ੍ਹਾਂ ਪ੍ਰਾਈਵੇਟ ਵਸੂਲੀ ਕਰਦਾ ਹੈ ਅਤੇ ਕਿਵੇਂ ਆਪ੍ਰੇਸ਼ਨ ਚਲਾਏ ਜਾਂਦੇ ਹਨ, ਇਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਹੈ। ਉਨ੍ਹਾਂ ਨਿਰਦੇਸ਼ ਿਦੱਤੇ ਕਿ ਤਹਿਬਾਜ਼ਾਰੀ ਵਿਭਾਗ ਗਰੀਬਾਂ ਨਾਲ ਧੱਕਾ ਨਾ ਕਰੇ ਪਰ ਅਸਥਾਈ ਕਬਜ਼ਿਆਂ ’ਤੇ ਨਿਰਪੱਖ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਭਗਵਾਨ ਵਾਲਮੀਕਿ ਚੌਕ ਅਤੇ ਰੈਣਕ ਬਾਜ਼ਾਰ ਦੀ ਐਂਟਰੀ ਦੇ ਆਸ-ਪਾਸ ਹੋਏ ਨਾਜਾਇਜ਼ ਕਬਜ਼ਿਆਂ ’ਤੇ ਵਿਸ਼ੇਸ਼ ਕਾਰਵਾਈ ਦੇ ਨਿਰਦੇਸ਼ ਦਿੱਤੇ, ਜਿਥੋਂ ਪੈਦਲ ਨਿਕਲਣਾ ਤੱਕ ਮੁਸ਼ਕਲ ਹੈ ਅਤੇ ਐਂਬੂਲੈਂਸ ਨੂੰ ਆਉਣ-ਜਾਣ ਦਾ ਰਸਤਾ ਨਹੀਂ ਮਿਲਦਾ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਵਿਧਾਇਕਾਂ ਨੇ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਨੂੰ ਇਕ ਦਬੰਗ ਅਧਿਕਾਰੀ ਦਾ ਖਿਤਾਬ ਦਿੰਦਿਆਂ ਕਿਹਾ ਕਿ ਉਹ ਰਾਮਾ ਮੰਡੀ ਇਲਾਕੇ ਿਵਚੋਂ ਵੀ ਕਬਜ਼ੇ ਸਾਫ ਕਰਵਾਉਣ ਅਤੇ ਲੋਕਾਂ ਕੋਲੋਂ ਵਾਹ-ਵਾਹੀ ਲੁੱਟਣ। ਸਟ੍ਰੀਟ ਵੈਂਡਿੰਗ ਜ਼ੋਨ ਪਾਲਿਸੀ ’ਤੇ ਵੀ ਤੇਜ਼ੀ ਨਾਲ ਕਾਰਵਾਈ ਹੋਵੇ।

ਇਸ਼ਤਿਹਾਰ ਟੈਂਡਰ ਨਾ ਲੱਗਣ ਦੇਣ ਦਾ ਦੋਸ਼ ਮੇਅਰ ’ਤੇ ਮੜ੍ਹਿਆ

ਮੀਟਿੰਗ ਦੌਰਾਨ ਇਸ਼ਤਿਹਾਰ ਸ਼ਾਖਾ ਨਾਲ ਜੁੜੇ ਅਧਿਕਾਰੀ ਨੇ ਕਿਹਾ ਕਿ ਸ਼ਹਿਰ ਦੇ ਸਿਰਫ ਇਕ ਜ਼ੋਨ ਵਿਚ ਹੀ ਇਸ਼ਤਿਹਾਰ ਟੈਕਸ ਦੀ ਵਸੂਲੀ ਹੋ ਰਹੀ ਹੈ ਅਤੇ ਬਾਕੀ ਸ਼ਹਿਰ ਦਾ ਟੈਂਡਰ ਲਾਉਣ ਵਿਚ ਅੜਿੱਕੇ ਪਾਏ ਜਾ ਰਹੇ ਹਨ। ਅਧਿਕਾਰੀਆਂ ਨੇ ਮੇਅਰ ਰਾਜਾ ’ਤੇ ਦੋਸ਼ ਲਾਇਆ ਕਿ 12 ਕਰੋੜ 40 ਲੱਖ ਰੁਪਏ ਦਾ ਟੈਂਡਰ ਲਾਉਣ ਸਬੰਧੀ ਪ੍ਰਸਤਾਵ ਹਾਊਸ ਕੋਲੋਂ ਪਿਛਲੇ ਸਾਲ ਅਗਸਤ ਮਹੀਨੇ ਪਾਸ ਕਰਵਾਇਆ ਗਿਆ ਸੀ ਤੇ ਫਾਈਲ ਮਨਜ਼ੂਰੀ ਲਈ ਮੇਅਰ ਦਫਤਰ ਭੇਜੀ ਗਈ ਸੀ ਪਰ ਵਾਰ-ਵਾਰ ਬਿਨਾਂ ਆਧਾਰ ਐਬਜੈਕਸ਼ਨ ਲਾ ਕੇ ਫਾਈਲ ਰੋਕੀ ਗਈ ਤੇ ਟੈਂਡਰ ਨਹੀਂ ਲੱਗਣ ਦਿੱਤਾ ਗਿਆ।

ਫਾਇਰ ਬ੍ਰਿਗੇਡ ਦੀ ਖਾਨਾਪੂਰਤੀ ’ਤੇ ਵੀ ਹੋਈ ਚਰਚਾ

ਮੀਟਿੇਗ ਦੌਰਾਨ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਲੱਖਾਂ-ਕਰੋੜਾਂ ਰੁਪਏ ਖਰਚ ਕਰ ਕੇ ਅੰਦਰੂਨੀ ਬਾਜ਼ਾਰਾਂ ਵਿਚ ਪਾਈਪਾਂ ਅਤੇ ਫਾਇਰ ਹਾਈਡ੍ਰੈਂਟ ਲਾਏ ਤਾਂ ਗਏ ਪਰ ਉਹ ਕਿਸੇ ਕੰਮ ਦੇ ਨਹੀਂ ਕਿਉਂਕਿ ਨਿਗਮ ਨੇ ਬਿਜਲੀ ਅਤੇ ਜੈਨਰੇਟਰ ਤੱਕ ਦਾ ਪ੍ਰਬੰਧ ਨਹੀਂ ਕੀਤਾ, ਇਸ ਲਈ ਅੱਜ ਵੀ ਬਾਜ਼ਾਰਾਂ ਵਿਚ ਅੱਗ ਲੱਗਣ ਦੀ ਸੂਰਤ ਵਿਚ ਗੱਡੀਆਂ ਭੇਜਣੀਆਂ ਪੈ ਰਹੀਆਂ ਹਨ, ਜਿਸ ਵਿਚ ਹੁੰਦੀ ਦੇਰੀ ਨਾਲ ਲੱਖਾਂ-ਕਰੋੜਾਂ ਦਾ ਨੁਕਸਾਨ ਹੁੰਦਾ ਹੈ। ਅਜਿਹੀ ਖਾਨਾਪੂਰਤੀ ਨੂੰ ਬੰਦ ਕੀਤਾ ਜਾਵੇ ਅਤੇ ਸਹੀ ਢੰਗ ਨਾਲ ਕੰਮ ਕੀਤੇ ਜਾਣ।

ਗੰਦੇ ਪਾਣੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ

‘ਆਪ’ ਵਿਧਾਇਕਾਂ ਨੇ ਅੱਜ ਨਿਗਮ ਦੇ ਓ. ਐਂਡ ਐੱਮ. ਸੈੱਲ ਦੀ ਜ਼ਬਰਦਸਤ ਕਲਾਸ ਲਾਉਂਦਿਆਂ ਕਿਹਾ ਕਿ ਗੁਰੂ ਨਾਨਕਪੁਰਾ ਵੈਸਟ, ਗੋਪਾਲ ਨਗਰ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਿਛਲੇ ਲੰਮੇ ਸਮੇਂ ਤੋਂ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ ਪਰ ਨਿਗਮ ਉਸ ਨੂੰ ਗੰਭੀਰਤਾ ਨਾਲ ਲੈ ਹੀ ਨਹੀਂ ਰਿਹਾ। ਮੀਟਿੰਗ ਦੌਰਾਨ ਵਿਧਾਇਕ ਇਸ ਗੱਲ ਨੂੰ ਲੈ ਕੇ ਕਾਫੀ ਹੈਰਾਨ ਹੋਏ ਕਿ ਬੀਤੇ ਦਿਨੀਂ ਗੁਰੂ ਨਾਨਕਪੁਰਾ ਵਿਚ ਗੰਦੇ ਪਾਣੀ ਨੂੰ ਲੈ ਕੇ ਲੱਗੇ ਧਰਨੇ ਬਾਰੇ ਨਿਗਮ ਦੇ ਅਧਿਕਾਰੀਆਂ ਨੂੰ ਕੁਝ ਪਤਾ ਹੀ ਨਹੀਂ ਸੀ। ਨਿਰਦੇਸ਼ ਦਿੱਤੇ ਗਏ ਕਿ ਸਬੰਧਤ ਅਧਿਕਾਰੀ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਵੱਲ ਧਿਆਨ ਦੇਣ, ਨਹੀਂ ਤਾਂ ਜਨਤਾ ਦਰਬਾਰ ਲਾ ਕੇ ਅਤੇ ਲੋਕਾਂ ਦੀ ਸਮੱਸਿਆ ਸੁਣ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਬੋਰਡ ਨਹੀਂ, ਮੋਗਾ-ਅੰਮ੍ਰਿਤਸਰ ਰੋਡ ’ਤੇ ਅੱਜ ਵੀ ਲੱਗਾ ਹੈ- 'ਸਾਡਾ ਚੰਨੀ ਸਾਡਾ CM' 

ਕੱਚੇ ਮਕਾਨਾਂ ਨਾਲ ਸਬੰਧਤ ਸਿਸਟਮ ਵੀ ਠੀਕ ਕੀਤਾ ਜਾਵੇ

ਮੀਟਿੰਗ ਦੌਰਾਨ ਹਾਊਸਿੰਗ ਫਾਰ ਆਲ ਸਕੀਮ ’ਤੇ ਵੀ ਵਿਸਥਾਰ ਨਾਲ ਚਰਚਾ ਹੋਈ। ਇਸ ਦੌਰਾਨ ਵਿਧਾਇਕਾਂ ਨੇ ਦੋਸ਼ ਲਾਇਆ ਕਿ ਸਾਬਕਾ ਵਿਧਾਇਕਾਂ ਨੇ ਲੋੜਵੰਦਾਂ ਨੂੰ ਤਾਂ ਸਕੀਮ ਦੇ ਘੇਰੇ ਵਿਚ ਸ਼ਾਮਲ ਨਹੀਂ ਕੀਤਾ ਪਰ ਆਪਣੇ ਅਜਿਹੇ ਸਿਫਾਰਸ਼ੀਆਂ ਨੂੰ ਵੀ ਡੇਢ ਲੱਖ ਰੁਪਏ ਦਿਵਾ ਦਿੱਤੇ, ਜਿਨ੍ਹਾਂ ਦੇ ਘਰ ਵਿਚ ਏਅਰ ਕੰਡੀਸ਼ਨਡ ਤੱਕ ਲੱਗੇ ਹੋਏ ਸਨ।

ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਹੋਈ ਧਾਂਦਲੀ ਨੂੰ ਵੀ ਉਜਾਗਰ ਕੀਤਾ ਜਾਵੇਗਾ। ਅੱਗੇ ਤੋਂ ਸਾਰੇ ਲੋੜਵੰਦਾਂ ਨੂੰ ਸਕੀਮ ਦਾ ਲਾਭ ਦਿਵਾਇਆ ਜਾਵੇ। ਹੁਣ ਜਿਸ ਨੂੰ ਵੀ ਇਸ ਸਕੀਮ ਤਹਿਤ ਪੈਸੇ ਵੰਡਣੇ ਹਨ, ਉਨ੍ਹਾਂ ਦੀ ਵੈਰੀਫਿਕੇਸ਼ਨ ਸਬੰਧਤ ਵਿਧਾਇਕਾਂ ਕੋਲੋਂ ਕਰਵਾਈ ਜਾਵੇ।

ਬਲੈਕਮੇਲਿੰਗ ਨੂੰ ਵੀ ਰੋਕਾਂਗੇ

‘ਆਪ’ ਵਿਧਾਇਕਾਂ ਨੇ ਕਿਹਾ ਕਿ ਆਰ. ਟੀ. ਆਈ. ਅਤੇ ਸ਼ਿਕਾਇਤਾਂ ਜ਼ਰੀਏ ਸ਼ਹਿਰ ਵਿਚ ਬਲੈਕਮੇਲਿੰਗ ਵੀ ਕੀਤੀ ਜਾ ਰਹੀ ਹੈ, ਜਿਸ ਬਾਰੇ ਉਨ੍ਹਾਂ ਨੂੰ ਸਭ ਪਤਾ ਹੈ। ਹੁਣ ਅਜਿਹੇ ਅਨਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮਨਮਾਨੀਆਂ ਨਹੀਂ ਕਰਨ ਦਿੱਤੀਆਂ ਜਾਣਗੀਆਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News