ਸੱਤਾ ’ਚ ਰਹਿੰਦਿਆਂ ਉਪ ਚੋਣ ਹਾਰਨ ਵਾਲਿਆਂ ਵਿੱਚ ‘ਆਪ’ ਵੀ ਹੋਈ ਸ਼ਾਮਲ
Monday, Jun 27, 2022 - 12:53 AM (IST)
ਚੰਡੀਗੜ੍ਹ (ਹਰੀਸ਼) : ਸੱਤਾ 'ਚ ਮਹਿਜ਼ 3 ਮਹੀਨੇ ਰਹਿ ਕੇ ਆਮ ਆਦਮੀ ਪਾਰਟੀ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਹਾਰ ਤੋਂ ਬਾਅਦ ਵੱਡਾ ਝਟਕਾ ਲੱਗਾ ਹੈ। ਇਹ ਹਾਰ ਇਸ ਲਈ ਵੀ ਜ਼ਿਆਦਾ ਦੁਖਦਾਈ ਹੈ ਕਿਉਂਕਿ ਇਹ ਸੀਟ ਨਾ ਸਿਰਫ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਬਣਨ ਕਾਰਨ ਖਾਲੀ ਹੋਈ ਸੀ, ਸਗੋਂ ਹਲਕੇ ਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ ’ਤੇ ‘ਆਪ’ ਦੇ ਵਿਧਾਇਕ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਕਾਂਗਰਸ ਅਤੇ ਅਕਾਲੀ ਦਲ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ, ਜੋ ਸੂਬੇ ਵਿੱਚ ਸੱਤਾ 'ਚ ਹੋਣ ਦੇ ਬਾਵਜੂਦ ਜ਼ਿਮਨੀ ਚੋਣਾਂ ਹਾਰ ਚੁੱਕੀਆਂ ਹਨ।
ਖ਼ਬਰ ਇਹ ਵੀ : ਮੂਸੇਵਾਲਾ ਦੇ ਗਾਣੇ 'ਤੇ ਲੱਗੀ ਪਾਬੰਦੀ, ਉਥੇ ਸੰਗਰੂਰ ਵਾਸੀਆਂ ਨੇ ਸਿਮਰਨਜੀਤ ਮਾਨ ਦੇ ਹੱਕ 'ਚ ਦਿੱਤਾ ਫਤਵਾ, ਪੜ੍ਹੋ TOP 10
1980 'ਚ ਕਾਂਗਰਸ ਦੇ ਰਾਜ ਦੌਰਾਨ ਦਰਬਾਰਾ ਸਿੰਘ ਮੁੱਖ ਮੰਤਰੀ ਹੋਣ ਸਮੇਂ ਅਕਾਲੀ ਦਲ ਨੇ ਫਰੀਦਕੋਟ ਵਿਧਾਨ ਸਭਾ ਹਲਕੇ ਦੀ ਉਪ ਚੋਣ ਜਿੱਤੀ ਸੀ। ਇਸ ਤੋਂ ਬਾਅਦ ਬੇਅੰਤ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਕਾਂਗਰਸ 2 ਜ਼ਿਮਨੀ ਚੋਣਾਂ ਹਾਰ ਗਈ ਸੀ। 1994 'ਚ ਰਤਨ ਸਿੰਘ ਨੇ ਅਜਨਾਲਾ ਹਲਕੇ ਤੋਂ ਆਜ਼ਾਦ ਅਤੇ 1995 'ਚ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਤੋਂ ਅਕਾਲੀ ਦਲ ਦੀ ਟਿਕਟ ’ਤੇ ਜ਼ਿਮਨੀ ਚੋਣ ਜਿੱਤੀ। ਖਾਸ ਗੱਲ ਇਹ ਹੈ ਕਿ 1992 ਦੀਆਂ ਆਮ ਚੋਣਾਂ ਵਿੱਚ ਇਹ ਦੋਵੇਂ ਸੀਟਾਂ ਕਾਂਗਰਸ ਦੇ ਕਬਜ਼ੇ 'ਚ ਆਈਆਂ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਇਕੱਲਿਆਂ ਲੋਕ ਸਭਾ ਚੋਣ ਲੜੀ ਭਾਜਪਾ ਲਈ ਕਿਵੇਂ ਰਿਹਾ ਲੋਕਾਂ ਦਾ ਹੁੰਗਾਰਾ
ਅਕਾਲੀ ਦਲ ਵੀ ਆਪਣੇ ਰਾਜ ਦੌਰਾਨ 2 ਵਾਰ ਜ਼ਿਮਨੀ ਚੋਣਾਂ ਹਾਰ ਚੁੱਕਾ ਹੈ ਤੇ ਦੋਵੇਂ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਸਨ। ਨਵੰਬਰ 1998 ਵਿੱਚ ਅਕਾਲੀ ਦਲ ਆਦਮਪੁਰ ਉਪ ਚੋਣ ਸਿਰਫ 6 ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ। ਇਸ ਤੋਂ ਬਾਅਦ 16 ਸਾਲਾਂ ਬਾਅਦ ਪਟਿਆਲਾ ਵਿਧਾਨ ਸਭਾ ਹਲਕੇ ਦੀ ਉਪ ਚੋਣ 'ਚ ਅਕਾਲੀ ਦਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਕੈਪਟਨ ਅਮਰਿੰਦਰ ਸਿੰਘ ਨੇ 2014 'ਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਜਿੱਤਣ ਤੋਂ ਬਾਅਦ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਅਸਤੀਫਾ ਦੇ ਦਿੱਤਾ ਸੀ। ਫਿਰ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਉਪ ਚੋਣ 'ਚ ਵਿਧਾਇਕ ਚੁਣੇ ਗਏ ਸਨ। ਕੈਪਟਨ ਅਮਰਿੰਦਰ ਦੇ ਮੁੱਖ ਮੰਤਰੀ ਹੁੰਦਿਆਂ ਕਾਂਗਰਸ ਦਾਖਾ ਹਲਕੇ ਤੋਂ ਅਕਾਲੀ ਦਲ ਤੋਂ ਹਾਰ ਗਈ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ.ਐੱਸ. ਫੂਲਕਾ ਵੱਲੋਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਹੋਈਆਂ ਉਪ ਚੋਣਾਂ 'ਚ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਐਕਸ਼ਨ, PSPCL ਵੱਲੋਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 4 ਕਰਮਚਾਰੀ ਮੁਅੱਤਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ