‘ਆਪ’ ਨੇਤਾਹੀਣ ਪਾਰਟੀ, ਭਾਜਪਾ ਦੀ ਬੀ ਟੀਮ ਵਜੋਂ ਕਰ ਰਹੀ ਕੰਮ : ਜਾਖੜ
Wednesday, Feb 10, 2021 - 08:54 PM (IST)
ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਭਾਜਪਾ ਨੂੰ ਨੇਤਾਹੀਣ ਪਾਰਟੀ ਅਤੇ ਭਾਜਪਾ ਦੀ ਬੀ ਟੀਮ ਕਰਾਰ ਦਿੱਤਾ ਹੈ। ਜਾਖੜ ਨੇ ਕਿਹਾ ਕਿ ‘ਆਪ’ ਨੇਤਾਵਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਘੱਟ ਤੋਂ ਘੱਟ ਤੱਥਾਂ ਨੂੰ ਤਾਂ ਜਾਂਚ ਲੈਣਾ ਚਾਹੀਦਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਕਾਂਗਰਸ ਪਾਰਟੀ ਖਿਲਾਫ਼ ਝੂਠੇ ਪ੍ਰਚਾਰ ਵਿਚ ਰੁੱਝੇ ਹੋਏ ਹਨ। ਉਨ੍ਹਾਂ ਵਿਧਾਨ ਸਭਾ ਦੀ ਸਾਲ 2013 ਦੀ ਕਾਰਵਾਈ ਦੇ ਵੀਡੀਓ ਕਲਿਪ ਮੀਡੀਆ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਨੇ ਜਦ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013 ਪਾਸ ਕੀਤਾ ਸੀ ਤਾਂ ਉਸ ਸਮੇਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਸਦਨ ਵਿਚੋਂ ਬਰਖਾਸਤ ਕੀਤਾ ਹੋਇਆ ਸੀ। ਇਹ ਕਾਨੂੰਨ ਵਿਧਾਨ ਸਭਾ ਵਿਚ ਖੁਦ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੇਸ਼ ਕੀਤਾ ਸੀ ਅਤੇ ਭਾਜਪਾ ਦੇ ਆਗੂ ਮਨੋਰੰਜਨ ਕਾਲੀਆ ਨੇ ਇਸਦੀ ਹਿਮਾਇਤ ਕੀਤੀ ਸੀ ਅਤੇ ਇਹ ਬਿਨਾਂ ਬਹਿਸ ਦੇ ਹੀ ਵਿਰੋਧੀ ਧਿਰ ਦੀ ਗੈਰ-ਹਾਜ਼ਰੀ ਵਿਚ ਪਾਸ ਕੀਤਾ ਗਿਆ ਸੀ।
ਜਾਖੜ ਨੇ ਕਿਹਾ ਕਿ ‘ਆਪ’ ਨੇਤਾ ਰਾਘਵ ਚੱਢਾ ਤੱਥਾਂ ਤੋਂ ਪਰੇ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ‘ਆਪ’ ਆਗੂ ਨੂੰ ਕਿਹਾ ਕਿ ਉਹ ਬਿਨਾਂ ਤੱਥਾਂ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਬਦਨਾਮ ਕਰਨ ਲਈ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਪਾਰਟੀ ਕਿਸਾਨ ਹਿੱਤਾਂ ਦੀ ਰਾਖੀ ਲਈ ਜੋ ਵੀ ਕਰ ਸਕਦੀ ਸੀ ਕੀਤਾ ਹੈ। ਜਿਸ ਕੰਟਰੈਕਟ ਫਾਰਮਿੰਗ ਐਕਟ ਦਾ ਜ਼ਿਕਰ ਕੇਂਦਰੀ ਮੰਤਰੀ ਨੇ ਪਾਰਲੀਮੈਂਟ ਵਿਚ ਕੀਤਾ ਹੈ, ਉਹ ਖੁਦ ਭਾਜਪਾ ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਨੇ ਪਾਸ ਕੀਤਾ ਸੀ। ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਉਕਤ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਮੌਜੂਦਾ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਿਚ ਕਾਂਗਰਸ ਪਾਰਟੀ ਜਾਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਕੋਈ ਭੂਮਿਕਾ ਹੈ। ਪੰਜਾਬ ਸਰਕਾਰ ਨੇ ਤਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿਚ ਕਾਨੂੰਨ ਲਿਆਂਦਾ ਹੈ।