ਪੰਜਾਬ ਦੇ ਟਰੱਕ ਓਪਰੇਟਰਾਂ ਤੇ ਟਰਾਂਸਪੋਰਟਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ''ਤੇ ਮੰਨੇਗੀ ''ਆਪ'' ਦੀ ਸਰਕਾਰ : ਕੇਜਰੀਵਾਲ

Thursday, Dec 30, 2021 - 10:07 PM (IST)

ਪੰਜਾਬ ਦੇ ਟਰੱਕ ਓਪਰੇਟਰਾਂ ਤੇ ਟਰਾਂਸਪੋਰਟਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ''ਤੇ ਮੰਨੇਗੀ ''ਆਪ'' ਦੀ ਸਰਕਾਰ : ਕੇਜਰੀਵਾਲ

ਜ਼ੀਰਕਪੁਰ/ਮੋਹਾਲੀ/ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਟਰੱਕ ਓਪਰੇਟਰਾਂ ਨਾਲ ਵਾਅਦਾ ਕੀਤਾ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ। ਟਰਾਂਸਪੋਰਟ ਮਾਫ਼ੀਆ ਖ਼ਤਮ ਕੀਤਾ ਜਾਵੇਗਾ। ਟਰੱਕ ਓਪਰੇਟਰਾਂ ਅਤੇ ਟਰਾਂਸਪੋਰਟਰਾਂ ਦੀ ਭਾਗੀਦਾਰੀ ਵਾਲਾ ਇੱਕ ਕਮਿਸ਼ਨ ਬਣਾਇਆ ਜਾਵੇਗਾ, ਜਿਸ ਦੇ ਫ਼ੈਸਲਿਆਂ ਨੂੰ 'ਆਪ' ਦੀ ਸਰਕਾਰ ਲਾਗੂ ਕਰੇਗੀ। ਕੇਜਰੀਵਾਲ ਨੇ ਇਹ ਐਲਾਨ ਜ਼ੀਰਕਪੁਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਧਰਨੇ 'ਤੇ ਬੈਠੇ ਟਰੱਕ ਓਪਰੇਟਰਾਂ ਨੂੰ ਸੰਬੋਧਨ ਕਰਦਿਆਂ ਕੀਤਾ, ਜੋ ਅੱਜ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨਾਲ ਟਰਾਂਸਪੋਰਟਰਾਂ ਦੇ ਧਰਨੇ 'ਚ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : ਪੈਰਿਸ 'ਚ ਸ਼ੁੱਕਰਵਾਰ ਤੋਂ ਲੋਕਾਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ

ਵੀਰਵਾਰ ਨੂੰ ਟਰੱਕ ਓਪਰੇਟਰਾਂ ਦੇ ਧਰਨੇ 'ਚ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲੈਣ ਤੋਂ ਬਾਅਦ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਟਰੱਕ ਓਪਰੇਟਰਾਂ ਦੀਆਂ ਸਾਰੀਆਂ ਮੰਗਾਂ ਮੰਨਦੀ ਹੈ ਅਤੇ ਸੂਬੇ 'ਚ 'ਆਪ' ਦੀ ਸਰਕਾਰ ਬਣਨ 'ਤੇ ਪੰਜਾਬ ਦੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ, ''ਮੈਂ ਤੁਹਾਡਾ ਭਰਾ ਬਣ ਕੇ ਤੁਹਾਡੇ ਕੋਲ਼ ਆਇਆ ਹਾਂ, ਕੋਈ ਰਾਜਨੀਤਿਕ ਆਗੂ ਬਣ ਕੇ ਨਹੀਂ। ਜੇ ਮੈਂ ਤੁਹਾਡੀਆਂ ਸਮੱਸਿਆਵਾਂ ਹੱਲ ਕਰ ਦੇਵਾਂ, ਤੁਹਾਡਾ ਰੋਜ਼ਗਾਰ ਬਚਾਅ ਦੇਵਾਂ ਤਾਂ ਇਹ ਮੇਰਾ ਸੁਭਾਗ ਹੋਵੇਗਾ। ਇਸ ਦੇ ਲਈ ਮੈਨੂੰ ਤੁਹਾਡੀ ਲੋੜ ਹੈ। ਇਸ ਲਈ ਇੱਕ ਮੌਕਾ 'ਆਪ' ਨੂੰ ਦੇਵੋ। ਫਿਰ ਤੁਹਾਨੂੰ ਧਰਨੇ ਪ੍ਰਦਰਸ਼ਨਾਂ 'ਤੇ ਬੈਠਣਾ ਨਹੀਂ ਪਵੇਗਾ।'' ਪੰਜਾਬ ਦੇ ਟਰਾਂਸਪੋਰਟਰਾਂ ਦੀਆਂ ਦਿੱਲੀ ਸੂਬੇ ਨਾਲ ਸੰਬੰਧਿਤ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੰਦਿਆਂ ਕੇਜਰੀਵਾਲ ਨੇ ਟਰੱਕ ਓਪਰੇਟਰਾਂ ਨੂੰ ਦਿੱਲੀ ਆਉਣ ਦਾ ਸੱਦਾ ਵੀ ਦਿੱਤਾ ਤਾਂ ਜੋ ਟਰਾਂਸਪੋਰਟਰਾਂ ਅਤੇ ਦਿੱਲੀ ਦੇ ਅਧਿਕਾਰੀਆਂ ਦੀ ਬੈਠਕ ਕਰਕੇ ਉਚਿੱਤ ਹੱਲ ਕੀਤਾ ਜਾਵੇ।

ਇਹ ਵੀ ਪੜ੍ਹੋ : ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ ਚੰਨੀ ਸਰਕਾਰ : ਹਰਪਾਲ ਚੀਮਾ

ਪੰਜਾਬ ਦੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਦਾ ਵਾਅਦਾ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ''ਪੰਜਾਬ 'ਚ ਟਰਾਂਸਪੋਰਟ ਸੈਕਟਰ ਲਈ 10 ਤੋਂ 15 ਮੈਂਬਰਾਂ ਦਾ ਇੱਕ ਕਮਿਸ਼ਨ ਬਣਾਇਆ ਜਾਵੇਗਾ, ਜਿਸ 'ਚ ਸੂਬੇ ਦੀਆਂ ਟਰਾਂਸਪੋਰਟਰ ਯੂਨੀਅਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਹ ਕਮਿਸ਼ਨ ਹੀ ਨਵੀਂ ਟਰਾਂਸਪੋਰਟ ਪਾਲਿਸੀ ਬਣਾਏਗਾ ਨਾ ਕਿ ਏ.ਸੀ. ਕਮਰਿਆਂ 'ਚ ਬੈਠੇ ਅਧਿਕਾਰੀ ਅਤੇ ਮੰਤਰੀ ਬਣਾਉਣਗੇ। 'ਆਪ' ਦੀ ਸਰਕਾਰ ਇਸ ਕਮਿਸ਼ਨ ਦੇ ਫ਼ੈਸਲਿਆਂ ਨੂੰ ਲਾਗੂ ਕਰੇਗੀ ਤਾਂ ਜੋ ਟਰੱਕ ਓਪਰੇਟਰਾਂ ਸਮੇਤ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੀਆਂ ਸਮੇਂ-ਸਮੇਂ ਸਿਰ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਵੀ ਹੱਲ ਹੁੰਦਾ ਰਹੇ।'' ਕੇਜਰੀਵਾਲ ਨੇ ਮੰਗ ਪੱਤਰ 'ਚ ਦੱਸੀਆਂ ਮੰਗਾਂ ਪ੍ਰਵਾਨ ਕਰਦਿਆਂ ਕਿਹਾ ਕਿ ਟਰਾਂਸਪੋਰਟ ਖੇਤਰ 'ਚੋਂ ਠੇਕੇਦਾਰੀ ਪ੍ਰਥਾ ਬੰਦ ਹੋਣੀ ਚਾਹੀਦੀ ਹੈ। ਓਵਰ ਲੋਡਿੰਗ ਬੰਦ ਹੋਣੀ ਚਾਹੀਦੀ ਹੈ। ਕਿੱਲੋਮੀਟਰ ਪਾਲਿਸੀ ਲਾਗੂ ਹੋਣੀ ਚਾਹੀਦੀ ਹੈ ਅਤੇ ਕੋਵਿਡ ਕਾਲ ਸਮੇਂ ਦੇ ਸਾਰੇ ਟੈਕਸ ਮੁਆਫ਼ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟਰਾਂਸਪੋਰਟਰਾਂ ਨੇ ਹੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਸੀ ਅਤੇ ਪੰਜਾਬ 'ਚੋਂ ਪਾਰਟੀ ਦੇ ਚਾਰ ਲੋਕ ਸਭਾ ਮੈਂਬਰ ਜਿਤਾ ਕੇ ਦਿੱਲੀ ਭੇਜੇ ਸਨ।

ਇਹ ਵੀ ਪੜ੍ਹੋ : ਮੁੰਬਈ 'ਚ ਹਾਈ ਅਲਰਟ, ਹਮਲਾ ਕਰ ਸਕਦੇ ਹਨ ਖਾਲਿਸਤਾਨੀ ਅੱਤਵਾਦੀ

'ਆਪ' ਦੇ ਕੌਮੀ ਕਨਵੀਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਵਪਾਰੀਆਂ ਅਤੇ ਟਰੱਕ ਓਪਰੇਟਰਾਂ ਵਿਚਕਾਰ ਟੱਕਰਾਅ ਚੱਲ ਰਿਹਾ ਹੈ ਅਤੇ ਇਸ ਟੱਕਰਾਅ ਨੂੰ 'ਆਪ' ਦੀ ਸਰਕਾਰ ਖ਼ਤਮ ਕਰੇਗੀ ਤਾਂ ਜੋ ਵਪਾਰੀ ਆਪਣਾ ਵਪਾਰ ਕਰਨ ਅਤੇ ਟਰੱਕ ਓਪਰੇਟਰ ਵੀ ਆਪਣਾ ਰੋਜ਼ਗਾਰ ਚੱਲਦਾ ਰੱਖਣ। ਉਨ੍ਹਾਂ ਕਿਹਾ ਕਿ ਵਪਾਰ ਵਧਣ ਦੇ ਨਾਲ ਟਰਾਂਸਪੋਰਟ ਦਾ ਕਾਰੋਬਾਰ ਵੀ ਵਧੇਗਾ। ਇਸ ਲਈ ਪੰਜਾਬ 'ਚੋਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ, ਜਿਵੇਂ ਉਨ੍ਹਾਂ ਦਿੱਲੀ 'ਚੋਂ ਖ਼ਤਮ ਕੀਤਾ ਹੈ। ਭਾਵੇਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣ ਕੇ ਦਿੱਲੀ ਸਰਕਾਰ ਕੋਲੋਂ ਸ਼ਕਤੀਆਂ ਖੋਹ ਲਈਆਂ ਹਨ, ਪਰ ਫਿਰ ਵੀ ਦਿੱਲੀ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਗਿਆ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਚੰਗੀ ਅਤੇ ਸਸਤੀ ਸਿੱਖਿਆ, ਇਲਾਜ, ਬਿਜਲੀ, ਮੁਫ਼ਤ ਪਾਣੀ ਸਮੇਤ ਹੋਰ ਵੀ ਸਹੂਲਤਾਂ ਦਿੱਤੀਆਂ ਹਨ। ਜਿਹੜੀਆਂ ਸਹੂਲਤਾਂ ਦਿੱਲੀ ਵਾਸੀਆਂ ਮਿਲਦੀਆਂ ਹਨ, ਪੰਜਾਬ ਦੇ ਲੋਕਾਂ ਨੂੰ 'ਆਪ' ਦੀ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਇਸ ਮੌਕੇ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਡੇਰਾਬਸੀ ਤੋਂ ਪਾਰਟੀ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ ਅਤੇ ਟਰੱਕ ਓਪਰੇਟਰਾਂ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਸਨਮਾਨ ਵੀ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News