ਪਾਵਨ ਸਰੂਪ ਮਾਮਲਾ: ਰਾਜਾ ਸਾਹਿਬ ਵਿਖੇ ਸੰਗਤ ਦੇ ਵਿਰੋਧ ਮਗਰੋਂ AAP ਸਰਕਾਰ ਦਾ 'ਯੂ-ਟਰਨ'

Monday, Jan 19, 2026 - 11:09 PM (IST)

ਪਾਵਨ ਸਰੂਪ ਮਾਮਲਾ: ਰਾਜਾ ਸਾਹਿਬ ਵਿਖੇ ਸੰਗਤ ਦੇ ਵਿਰੋਧ ਮਗਰੋਂ AAP ਸਰਕਾਰ ਦਾ 'ਯੂ-ਟਰਨ'

ਚੰਡੀਗੜ੍ਹ- ਪੰਜਾਬ ਸਰਕਾਰ ਇੱਕ ਵਾਰ ਫਿਰ ਆਪਣੇ 'ਯੂ-ਟਰਨ' ਨੂੰ ਲੈ ਕੇ ਵੱਡੇ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਵਾਰ ਮਾਮਲਾ ਬੇਹੱਦ ਸੰਵੇਦਨਸ਼ੀਲ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਦੇ ਦੋ ਵੱਡੇ ਚਿਹਰਿਆਂ ਦੇ ਆਪਸ ਵਿੱਚ ਵਿਰੋਧੀ ਬਿਆਨਾਂ ਨੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ।

ਮੁੱਖ ਮੰਤਰੀ ਦਾ ਦਾਅਵਾ ਬਨਾਮ ਵਿੱਤ ਮੰਤਰੀ ਦੀ ਕਲੀਨ ਚਿੱਟ 

ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਮੇਲੇ ਦੇ ਮੌਕੇ 'ਤੇ ਸੰਗਤ ਨੂੰ ਸੰਬੋਧਨ ਕਰਦਿਆਂ ਵੱਡਾ ਦਾਅਵਾ ਕੀਤਾ ਸੀ ਕਿ ਕੁਝ ਪਾਵਨ ਸਰੂਪ 'ਰਾਜਾ ਸਾਹਿਬ' ਤੋਂ ਮਿਲ ਗਏ ਹਨ ਪਰ ਦੂਜੇ ਪਾਸੇ ਸਰਕਾਰ ਦੇ ਹੀ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਮਾਮਲੇ ਵਿੱਚ ਸਾਰਿਆਂ ਨੂੰ 'ਕਲੀਨ ਚਿੱਟ' ਦੇ ਦਿੱਤੀ ਗਈ ਹੈ। ਸਰਕਾਰ ਦੇ ਇਸ ਦੋਹਰੇ ਰਵੱਈਏ ਨੇ ਜਨਤਾ ਅਤੇ ਸਿਆਸੀ ਪਾਰਟੀਆਂ ਵਿੱਚ ਕਈ ਸ਼ੰਕੇ ਪੈਦਾ ਕਰ ਦਿੱਤੇ ਹਨ।

ਕੀ SIT ਨੇ CM ਨੂੰ ਕੀਤਾ ਗੁੰਮਰਾਹ? 

ਇਸ ਘਟਨਾਕ੍ਰਮ ਤੋਂ ਬਾਅਦ ਹੁਣ ਕਈ ਤਿੱਖੇ ਸਵਾਲ ਉੱਠ ਰਹੇ ਹਨ। ਕੀ ਸਰਕਾਰ ਵੱਲੋਂ ਬਣਾਈ ਗਈ ਐਸ.ਆਈ.ਟੀ. ਮੁੱਖ ਮੰਤਰੀ ਨੂੰ ਗਲਤ ਜਾਣਕਾਰੀ ਦੇ ਰਹੀ ਸੀ ਜਾਂ ਫਿਰ ਮੁੱਖ ਮੰਤਰੀ ਮਾਨ ਮਾਘੀ ਮੇਲੇ ਦੇ ਪਵਿੱਤਰ ਮੌਕੇ 'ਤੇ ਸੰਗਤ ਸਾਹਮਣੇ ਗਲਤ ਤੱਥ ਪੇਸ਼ ਕਰ ਰਹੇ ਸਨ? ਇਹ ਵੀ ਚਰਚਾ ਹੈ ਕਿ ਕੀ ਰਾਜਾ ਸਾਹਿਬ ਵਿਖੇ ਹੋਏ ਸੰਗਤ ਦੇ ਵਿਰੋਧ ਤੋਂ ਬਾਅਦ ਮਾਨ ਸਰਕਾਰ ਨੇ ਆਪਣਾ ਸਟੈਂਡ ਬਦਲ ਲਿਆ ਹੈ।

ਯੂ-ਟਰਨ ਲੈਣ ਦੀ ਪੁਰਾਣੀ ਆਦਤ! 

ਵਿਰੋਧੀਆਂ ਵੱਲੋਂ ਸਰਕਾਰ 'ਤੇ ਧਰਮ ਦੀ ਸਿਆਸਤ ਖੇਡਣ ਦੇ ਦੋਸ਼ ਲਗਾਏ ਜਾ ਰਹੇ ਹਨ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ 'ਆਪ' ਸਰਕਾਰ ਨੇ ਆਪਣੇ ਦਾਅਵਿਆਂ ਤੋਂ ਪਲਟੀ ਮਾਰੀ ਹੋਵੇ। ਇਸ ਤੋਂ ਪਹਿਲਾਂ ਵੀ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਅਤੇ ਪੰਜਾਬ ਵਿੱਚ ਬੀ.ਐੱਮ.ਡਬਲਯੂ. ਪਲਾਂਟ ਲਗਾਉਣ ਦੇ ਮਾਮਲਿਆਂ ਵਿੱਚ ਸਰਕਾਰ ਨੇ ਯੂ-ਟਰਨ ਲਿਆ ਸੀ। ਹੁਣ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਆਏ ਇਸ ਨਵੇਂ ਮੋੜ ਨੇ ਸਰਕਾਰ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਜਨਤਾ ਹੁਣ ਸਰਕਾਰ ਪਾਸੋਂ ਇਸ ਦੋਹਰੇ ਰਵੱਈਏ 'ਤੇ ਜਵਾਬ ਮੰਗ ਰਹੀ ਹੈ।


author

Rakesh

Content Editor

Related News