'ਆਪ' ਦੀ ਸਰਕਾਰ ਲੋਕਾਂ ਦੇ ਘਰਾਂ 'ਚ ਪਹੁੰਚਾਏਗੀ ਸਰਕਾਰੀ ਸਹੂਲਤਾਂ ਅਤੇ ਸੇਵਾਵਾਂ : ਮਨੀਸ਼ ਸਿਸੋਦੀਆ

Friday, Feb 18, 2022 - 02:18 AM (IST)

ਅੰਮ੍ਰਿਤਸਰ/ ਚੰਡੀਗੜ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਸਰਕਾਰੀ ਸਹੂਲਤਾਂ ਅਤੇ ਸੇਵਾਵਾਂ ਪ੍ਰਾਪਤ ਕਰਨ ਲਈ ਕਿਸੇ ਵਿਧਾਇਕ, ਮੰਤਰੀ ਜਾਂ ਆਗੂ ਦੇ ਘਰ ਨਹੀਂ ਜਾਣਾ ਪਵੇਗਾ, ਸਗੋਂ ਸਰਕਾਰੀ ਸਹੂਲਤਾਂ ਸਰਕਾਰ ਵੱਲੋਂ ਲੋਕਾਂ ਦੇ ਘਰਾਂ 'ਚ ਪਹੰਚਾਈਆਂ ਜਾਣਗੀਆਂ। ਸਿਸੋਦੀਆ ਨੇ ਇਹ ਦਾਅਵਾ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਰਫ਼ੰਸ ਨੂੰ ਸੰਬੋਧਨ ਕਰਦਿਆਂ ਕੀਤਾ ਅਤੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜੀਵਨਜੋਤ ਕੌਰ, ਕੁੰਵਰ ਵਿਜੈ ਪ੍ਰਤਾਪ ਅਤੇ 'ਆਪ' 'ਚ ਸ਼ਾਮਲ ਹੋਏ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਸਾਰੀਆਂ ਸੀਟਾਂ ਹਾਰ ਰਹੀ ਭਾਜਪਾ ਲਈ ਵੋਟ ਖ਼ਰਾਬ ਨਾ ਕਰੋ :  ਕੇਜਰੀਵਾਲ

ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ, ''ਸਰਕਾਰੀ ਸਹੂਲਤਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਯੋਜਨਾ ਪੂਰੇ ਦੇਸ਼ 'ਚੋਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ 'ਚ ਸ਼ੁਰੂ ਕੀਤੀ ਹੈ। ਦਿੱਲੀ 'ਚ ਸਰਕਾਰੀ ਸਹੂਲਤਾਂ ਲੈਣ ਲਈ ਲੋਕਾਂ ਨੂੰ ਨਾ ਤਾਂ ਦਫ਼ਤਰਾਂ 'ਚ ਧੱਕੇ ਖਾਣੇ ਪੈਂਦੇ ਹਨ ਅਤੇ ਨਾ ਹੀ ਕਿਸੇ ਮੰਤਰੀ, ਵਿਧਾਇਕ ਦੇ ਘਰ ਜਾਣਾ ਪੈਂਦਾ ਹੈ, ਸਗੋਂ 300 ਕਿਸਮ ਦੀਆਂ ਸਹੂਲਤਾਂ ਅਤੇ ਸੇਵਾਵਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਦੀਆਂ ਹਨ।'' ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਥੇ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਸਾਰੀਆਂ ਸਰਕਾਰੀ ਸਹੂਲਤਾਂ ਅਤੇ ਸੇਵਾਵਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਪੀਰਾਂ ਦੇ ਸਥਾਨ ’ਤੇ ਝੰਡਾ ਚੜ੍ਹਾਉਂਦੇ ਸਮੇਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ, 5 ਜ਼ਖਮੀ

ਪੰਜਾਬ 'ਚ ਖ਼ਰਾਬ ਹੋਈ ਕਾਨੂੰਨ ਵਿਵਸਥਾ ਦੀ ਗੱਲ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਪੁਲਸ ਦੇ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਚੰਗੇ ਹਨ, ਪਰ ਪੁਲਸ ਪ੍ਰਸ਼ਾਸਨ 'ਚ ਸਿਆਸੀ ਦਖ਼ਲਅੰਦਾਜ਼ੀ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਨਸ਼ਾ ਮਾਫੀਆ ਸਮੇਤ ਹਰ ਤਰਾਂ ਦਾ ਮਾਫੀਆ ਚੱਲਾਇਆ ਜਾਂਦਾ ਹੈ। ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਸਿਆਸੀ ਸਰਪ੍ਰਸਤੀ ਪ੍ਰਾਪਤ ਹੈ। ਇਸ ਕਰਕੇ ਪੁਲਸ ਮੁਲਾਜ਼ਮ ਮਾਫੀਆ ਰਾਜ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਲਈ ਸਿਆਸੀ ਆਗੂਆਂ ਵੱਲੋਂ ਪੈਸੇ ਲਏ ਜਾਂਦੇ ਹਨ ਅਤੇ ਸਿਆਸੀ ਆਗੂ ਕੁਝ ਭ੍ਰਿਸ਼ਟ ਪੁਲਸ ਅਧਿਕਾਰੀਆਂ ਦੇ ਹੱਥਾਂ 'ਚ ਕਾਨੂੰਨ ਵਿਵਸਥਾ ਸੌਂਪ ਦਿੰਦੇ ਹਨ। ਸਿਸੋਦੀਆ ਨੇ ਕਿਹਾ ਕਿ 'ਆਪ' ਦੀ ਸਰਕਾਰ 'ਚ ਪੁਲਸ ਪ੍ਰਸ਼ਾਸਨ ਦੇ ਕੰਮਾਂ 'ਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ ਅਤੇ ਪੈਸੇ ਲੈ ਕੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰਨ ਦੀ ਵਿਵਸਥਾ ਨੂੰ ਖ਼ਤਮ ਕੀਤਾ ਜਾਵੇਗਾ। ਸਿਸੋਦੀਆ ਨੇ ਕਿਹਾ ਕਿ ਜਿਸ ਤਰੀਕੇ ਨਾਲ ਦਿੱਲੀ 'ਚ ਕੇਜਰੀਵਾਲ ਸਰਕਾਰ ਨੇ ਚੰਗੇ ਅਧਿਆਪਕਾਂ, ਡਾਕਟਰਾਂ ਅਤੇ ਹੋਰ ਅਧਿਕਾਰੀਆਂ ਨੂੰ ਅੱਗੇ ਕਰਕੇ ਵੱਡੇ ਸੁਧਾਰ ਕੀਤੇ ਹਨ, ਉਸੇ ਤਰੀਕੇ ਨਾਲ ਹੀ ਚੰਗੇ ਪੁਲਸ ਅਧਿਕਾਰੀਆਂ ਨੂੰ ਅੱਗੇ ਕਰਕੇ ਪੰਜਾਬ 'ਚ ਕਾਨੂੰਨ ਵਿਵਸਥਾ ਠੀਕ ਕੀਤੀ ਜਾਵੇਗੀ ਅਤੇ ਮਾਫੀਆ ਰਾਜ ਖ਼ਤਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਜਪਾ ਦਾ ਮੁੱਖ ਵਿਜ਼ਨ ਪੰਜਾਬ ਦੀ ਗ੍ਰੋਥ ਨੂੰ ਵਧਾਉਣਾ : ਹਰਦੀਪ ਪੁਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News