ਗੋਨਿਆਣਾ ਦੇ ਵਾਰਡ-9 ''ਚ ''ਆਪ'' ਦੇ ਸੰਦੀਪ ਕੁਮਾਰ ਬੋਣਾ 361 ਵੋਟਾਂ ਦੇ ਫ਼ਰਕ ਨਾਲ ਜਿੱਤੇ
Saturday, Dec 21, 2024 - 07:00 PM (IST)
ਗੋਨਿਆਣਾ (ਗੋਰਾ ਲਾਲ) : ਗੋਨਿਆਣਾ ਮੰਡੀ ‘ਚ ਨਗਰ ਕੌਂਸਲ ਅਧੀਨ ਪੈਂਦੇ ਵਾਰਡ ਨੰਬਰ-9 ਵਿਚ ਅੱਜ ਹੋਈ ਜ਼ਿਮਨੀ ਚੋਣ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਵਿਖੇ ਹੋਈ, ਜੋ ਸ਼ਾਂਤ ਪੂਰਵਕ ਨੇਪਰੇ ਚੜ੍ਹ ਗਈ। ਇਸ ਵਾਰਡ ਵਿਚ ਕੁੱਲ ਤਿੰਨ ਉਮੀਦਵਾਰ ਸੰਦੀਪ ਕੁਮਾਰ ਬੋਣਾ (ਆਮ ਆਦਮੀ ਪਾਰਟੀ), ਵਿਨੋਦ ਕੁਮਾਰ ਢਿਲੋੜ ਅਤੇ ਦੇਸ ਰਾਜ ਇਹ ਦੋਵੇਂ ਆਜ਼ਾਦ ਤੌਰ ’ਤੇ ਚੋਣ ਲੜ ਰਹੇ ਹਨ। ਇਸ ਵਾਰਡ ਵਿਚ ਕੁੱਲ 615 ਵੋਟਾਂ ਵਿੱਚੋਂ 524 ਵੋਟਾਂ ਪੋਲ ਹੋਈਆਂ।
ਵੋਟਾਂ ਦੌਰਾਨ ਵੋਟਰ ਆਪੋ-ਆਪਣੇ ਚਹੇਤੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਬੂਥ ਕੇਂਦਰ ਵਿੱਚੋਂ ਬਾਹਰ ਆ ਰਹੇ ਸਨ। ਇਸ ਦੌਰਾਨ ਕੋਈ ਵੀ ਅਣਸੁਖਾਵੀ ਘਟਨਾ ਨਹੀ ਵਾਪਰੀ। ਵੱਡੀ ਗਿਣਤੀ ਵਿੱਚ ਪੁਲਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਸਨ। ਉਕਤ ਵਾਰਡ ਦੀਆਂ ਵੋਟਾਂ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਨਤੀਜਾ ਐਲਾਨਿਆ ਗਿਆ। ਜ਼ਿਮਨੀ ਚੋਣ ਦਾ ਨਤੀਜਾ ਐਲਾਨਣ ਲਈ ਪੁਸ਼ਪਿੰਦਰ ਨਾਇਬ ਤਹਿਸੀਲਦਾਰ ਸਬ-ਤਹਿਸੀਲ ਗੋਨਿਆਣਾ ਪਹੁੰਚੇ।
ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਬੋਣਾ (ਆਪ) ਨੂੰ 437 ਵੋਟਾਂ, ਵਿਨੋਦ ਢਿਲੋੜ ਨੂੰ 76 ਵੋਟਾਂ, ਦੇਸ ਰਾਜ ਨੂੰ 7 ਵੋਟਾਂ ਅਤੇ ਨੋਟਾਂ ਨੂੰ 4 ਵੋਟਾਂ ਪੋਲ ਹੋਈਆਂ। ਇਸ ਦੌਰਾਨ ਸੰਦੀਪ ਕੁਮਾਰ ਬੋਣਾ ਨੂੰ ਜੇਤੂ ਕਰਾਰ ਦਿੱਤਾ ਗਿਆ। ਉਕਤ ਜੇਤੂ ਉਮੀਦਵਾਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 361 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸੰਦੀਪ ਕੁਮਾਰ ਬੋਣਾ ਦੀ ਜਿੱਤ ਦੀ ਖੁਸ਼ੀ ਵਿੱਚ ਕਸ਼ਮੀਰੀ ਲਾਲ ਪ੍ਰਧਾਨ ਨਗਰ ਕੌਂਸਲ, ਰਜ਼ਨੀਸ਼ ਰਾਜੂ ਬਲਾਕ ਪ੍ਰਧਾਨ, ਰਮੇਸ਼ ਕੁਮਾਰ ਮੱਟੂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਵਾਰਡ ਨਿਵਾਸੀ ਤੇ ਸਮਰਥਕਾਂ ਵੱਲੋਂ ਜਿੱਤ ਦੀ ਖ਼ੁਸੀ ਵਿਚ ਭੰਗੜੇ ਪਾਏ ਗਏ ਅਤੇ ਗੁਲਾਲ ਖੇਡੇ ਗਏ।