‘ਆਪ’ ਨੇ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ
Wednesday, Jan 13, 2021 - 11:01 PM (IST)
ਲੁਧਿਆਣਾ, (ਸਲੂਜਾ)- ਆਮ ਆਦਮੀ ਪਾਰਟੀ (ਆਪ) ਵੱਲੋਂ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਪੰਜਾਬ ਭਰ ’ਚ ਮਨਾਉਂਦੇ ਹੋਏ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕ ਵਿਚ ਡੱਟੀ ਹੋਈ ਹੈ। ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ, ਇਹ ਬਹੁਤ ਹੀ ਨਾਜ਼ੁਕ ਸਮਾਂ ਹੈ ਕਿ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਮੋਦੀ ਸਰਕਾਰ ਵੀ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਸੰਵਿਧਾਨ ਰਾਹੀਂ ਮਿਲੇ ਰੋਸ-ਪ੍ਰਦਰਸ਼ਨ ਕਰਨ ਦੇ ਹੱਕਾਂ ਨੂੰ ਵੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੱਕੜਬਾਜ਼ ਪ੍ਰਧਾਨ ਮੰਤਰੀ ਤੁਰੰਤ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਤੋਂ ਤੁਰੰਤ ਮੁਆਫੀ ਮੰਗਣ।
ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਹਾਕਮ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਮੁੱਠੀਭਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤ ਰਿਹਾ ਹੈ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਜੱਗਾ ਰਾਏਕੋਟ, ਜਨਰਲ ਸਕੱਤਰ ਪੰਜਾਬ ਹਰਚੰਦ ਸਿੰਘ ਬਰਸਟ, ਕੈਸ਼ੀਅਰ ਨੀਨਾ ਮਿੱਤਲ, ਸੈਕਟਰੀ ਗਗਨਦੀਪ ਸਿੰਘ ਚੱਢਾ, ਜੁਆਇੰਟ ਸੈਕਟਰੀ ਅਮਨਦੀਪ ਸਿੰਘ ਮੋਹੀ, ਜ਼ਿਲਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਗੋਇਲ, ਜ਼ਿਲ੍ਹਾ ਸਕੱਤਰ ਸ਼ਰਨਪਾਲ ਸਿੰਘ ਮੱਕੜ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿਚ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਲੋਹੜੀ ਮਨਾਉਂਦੇ ਹੋਏ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੂਬੇ ਚ ਹਰ ਪਿੰਡ, ਮੁਹੱਲੇ ਅਤੇ ਗਲੀ ਵਿਚ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਲੋਹੜੀ ਮਨਾਈ ਗਈ। ਇਸ ਦੌਰਾਨ 16 ਹਜ਼ਾਰ ਤੋਂ ਵਧ ਥਾਵਾਂ ਉੱਤੇ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ 8 ਲੱਖ ਤੋਂ ਜ਼ਿਆਦਾ ਕਾਪੀਆਂ ਲੋਹੜੀ ਦੀ ਅੱਗ ਵਿਚ ਫੂਕੀਆਂ ਗਈਆਂ।
ਇਸ ਮੌਕੇ ਡਾ. ਗੁਰਦਰਸ਼ਨ ਸਿੰਘ ਕੁਲੀ, ਤਰਸੇਮ ਸਿੰਘ ਭਿੰਡਰ, ਰਵਿੰਦਰਪਾਲ ਸਿੰਘ ਪਾਲੀ, ਈਵੈਂਟ ਇੰਚਾਰਜ ਰਾਜਨ ਮਲਹੋਤਰਾ, ਪੇਸਟੋਰਲ ਈਵੈਂਟ ਇੰਚਾਰਜ ਬਲਦੇਵ ਸਿੰਘ, ਮੀਡੀਆ ਇੰਚਾਰਜ ਦਪਿੰਦਰ ਸਿੰਘ, ਸੋਸ਼ਲ ਮੀਡੀਆ ਇੰਚਾਰਜ ਗੋਬਿੰਦ ਕੁਮਾਰ, ਬਲਾਕ ਪ੍ਰਧਾਨ ਨਾਨਕ ਸਿੰਘ, ਚੰਦਰਪਾਲ, ਹਰਜਿੰਦਰ ਸਿੰਘ ਸ਼ੀਰਾ, ਨਰਿੰਦਰ ਮੌਦਗਿੱਲ, ਸੁਮਿਤ ਸ਼ਰਮਾ, ਹਰਮੀਤ ਸਿੰਘ, ਪ੍ਰਿੰਸ ਬਾਵਾ, ਜੀਵਨ ਸਿੰਘ ਸੰਗੋਵਾਲ, ਗੁਰਜੀਤ ਸਿੰਘ ਲਾਦੀਆਂ ਆਦਿ ਮੌਜੂਦ ਸਨ।