ਜਲੰਧਰ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ, ਮਹਿੰਦਰ ਭਗਤ ਨੂੰ ਦਿੱਤੀ ਟਿਕਟ
Monday, Jun 17, 2024 - 04:30 PM (IST)
ਜਲੰਧਰ (ਵੈੱਬ ਡੈਸਕ,ਜਸਪ੍ਰੀਤ )- ਜਲੰਧਰ ਵਿਚ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਮਹਿੰਦਰ ਭਗਤ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਮਹਿੰਦਰ ਭਗਤ ਨੂੰ ਟਿਕਟ ਮਿਲਣ ਮਗਰੋਂ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦੇਈਏ ਕਿ ਮਹਿੰਦਰ ਭਗਤ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੇ ਬੇਟੇ ਹਨ।
ਇਥੇ ਦੱਸ ਦੇਈਏ ਕਿ 10 ਜੁਲਾਈ ਨੂੰ ਹੋਣ ਵਾਲੀ ਜਲੰਧਰ ਵੈਸਟ ਹਲਕੇ ਦੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ। ਅੱਜ ਜਿੱਥੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਦੇ ਐਲਾਨ ਦਾ ਪੱਤਾ ਖੋਲ੍ਹਦੇ ਹੋਏ ਮਹਿੰਦਰ ਸਿੰਘ ਭਗਤ ਨੂੰ ਚੋਣ ਮੈਦਾਨ ਉਤਾਰਿਆ ਹੈ, ਉਥੇ ਹੀ ਭਾਜਪਾ ਵੱਲੋਂ ਸ਼ੀਤਲ ਅੰਗੁਰਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਅਜੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਉਮੀਦਵਾਰਾਂ ਦੇ ਐਲਾਨ ਕਰਨੇ ਬਾਕੀ ਹਨ। ਭਾਜਪਾ ਤੇ 'ਆਪ' ਦੇ ਉਮੀਦਵਾਰਾਂ ਦੀ ਖੇਡ ਨੇ ਜਲੰਧਰੀਆਂ ਨੂੰ ਉਲਝਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਭਾਜਪਾ ਛੱਡ ਕੇ ਆਏ ਮਹਿੰਦਰ ਭਗਤ ਨੂੰ ਟਿਕਟ ਦੇ ਦਿੱਤੀ ਹੈ ਅਤੇ ਭਾਜਪਾ ਨੇ ਆਮ ਆਦਮੀ ਪਾਰਟੀ ਛੱਡ ਕੇ ਆਏ ਸ਼ੀਤਲ ਅੰਗੁਰਾਲ ਨੂੰ ਟਿਕਟ ਦਿੱਤੀ ਹੈ। ਲੋਕ ਸਭਾ ਚੋਣਾਂ 'ਚ ਤਾਂ ਲੋਕਾਂ ਨੇ ਦਲਬਦਲੂਆਂ ਨੂੰ ਨਾਕਾਰ ਦਿੱਤਾ ਸੀ ਪਰ ਹੁਣ ਵੇਖਣਾ ਹੋਵੇਗਾ ਕਿ ਜ਼ਿਮਨੀ ਚੋਣ 'ਚ ਵੋਟਰ ਕਿਸ ਨੂੰ ਚੁਣਦੇ ਹਨ।
ਦੱਸ ਦਈਏ ਕਿ ਮਹਿੰਦਰ ਭਗਤ ਸਾਬਕਾ ਭਾਜਪਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਹਨ। ਜਲੰਧਰ ਪੱਛਮੀ ਹਲਕੇ ਵਿੱਚ ਉਨ੍ਹਾਂ ਦੀ ਮਜ਼ਬੂਤ ਪਕੜ ਹੈ। ਉਨ੍ਹਾਂ ਨੂੰ ਭਾਜਪਾ ਤੋਂ ਟਿਕਟ ਨਹੀਂ ਮਿਲੀ ਸੀ। ਖ਼ਾਸ ਗੱਲ ਇਹ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੋਵੇਂ ਉਮੀਦਵਾਰ ਮੈਦਾਨ 'ਚ ਸਨ। ਉਦੋਂ ਮਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ ਅਤੇ ਸ਼ੀਤਲ ਅੰਗੁਰਾਲ 'ਆਪ' ਦੇ ਉਮੀਦਵਾਰ ਸਨ ਪਰ ਇਸ ਵਾਰ ਉਲਟਾ ਹੋ ਗਿਆ ਹੈ। ਭਗਤ 'ਆਪ' ਦੇ ਉਮੀਦਵਾਰ ਹਨ ਜਦਕਿ ਅੰਗੁਰਾਲ ਭਾਜਪਾ ਦੇ ਉਮੀਦਵਾਰ ਹਨ। ਮਹਿੰਦਰ ਭਗਤ 2023 ਵਿੱਚ ਹੋਈਆਂ ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਭਾਜਪਾ ਛੱਡ ਕੇ 'ਆਪ' 'ਚ ਸ਼ਾਮਲ ਹੋ ਗਏ ਸਨ। ਮਹਿੰਦਰ ਦੇ ਪਿਤਾ ਚੁੰਨੀ ਲਾਲ ਭਗਤ ਪੰਜਾਬ ਭਾਜਪਾ ਦਾ ਵੱਡਾ ਚਿਹਰਾ ਸਨ। ਉਹ ਸੂਬਾ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਫਰਵਰੀ 2022 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਮੈਦਾਨ 'ਚ ਉਤਾਰਿਆ ਸੀ, ਜਿੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ’ਚ ਟਿਕਟ ਦੇ ਦਾਅਵੇਦਾਰਾਂ ਦੀ ਫ਼ੌਜ ’ਚ ਬਗਾਵਤ ਦੀ ਸੰਭਾਵਨਾ, ਕਾਂਗਰਸ ਕਰਨ ਲੱਗੀ ਮੰਥਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।