'ਆਪ' ਤੇ ਟਕਸਾਲੀਆਂ ਦੇ ਗਠਜੋੜ 'ਤੇ ਜਾਣੋ ਕੀ ਬੋਲੇ ਢੀਂਡਸਾ

Sunday, Mar 10, 2019 - 05:10 PM (IST)

'ਆਪ' ਤੇ ਟਕਸਾਲੀਆਂ ਦੇ ਗਠਜੋੜ 'ਤੇ ਜਾਣੋ ਕੀ ਬੋਲੇ ਢੀਂਡਸਾ

ਸੰਗਰੂਰ(ਰਾਜੇਸ਼)— ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਵਾਰ ਫਿਰ ਸਪਸ਼ਟ ਕਰ ਦਿੱਤਾ ਹੈ ਕਿ ਢੀਂਡਸਾ ਪਰਿਵਾਰ ਵਿਚੋਂ ਕੋਈ ਵੀ ਲੋਕ ਸਭਾ ਚੋਣਾਂ ਲੜਨ ਦਾ ਚਾਹਵਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ ਅਸੀਂ ਉਸ ਦਾ ਪੂਰਾ ਸਮਰਥਨ ਕਰਾਂਗੇ। ਇਸ ਮੌਕੇ ਜਦੋਂ ਉਨ੍ਹਾਂ ਕੋਲੋਂ ਪੰਜਾਬ ਵਿਚ ਅਕਾਲੀ ਦਲ ਟਕਸਾਲੀ ਅਤੇ 'ਆਪ' ਵਿਚਾਲੇ ਗਠਜੋੜ ਦੀਆਂ ਚੱਲ ਰਹੀਆਂ ਚਰਚਾਵਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਈ ਅਜਿਹੇ ਗਠਜੋੜ ਹੁੰਦੇ ਹਨ ਜੋ ਕਿ ਥੋੜ੍ਹੇ ਸਮੇਂ ਤੱਕ ਹੀ ਹੁੰਦੇ ਹਨ। ਇਨ੍ਹਾਂ ਗਠਜੋੜਾਂ ਦਾ ਕੋਈ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਦਾ, ਕਿਉਂਕਿ ਚੋਣਾਂ ਤੋਂ ਬਾਅਦ ਇਹ ਗਠਜੋੜ ਟੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਭਾਜਪਾ ਨਾਲ 25 ਸਾਲ ਪੁਰਾਣਾ ਗਠਜੋੜ ਹੈ।

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ 'ਤੇ ਵਰ੍ਹਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ, ਚਾਹੇ ਉਹ ਦਲਿਤ ਹੋਵੇ ਜਾਂ ਮੁਲਾਜ਼ਮ ਉਹ ਅੱਜ ਸੜਕਾਂ 'ਤੇ ਹੈ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਆਪਣਾ ਚੋਣ ਮੈਨੀਫੈਸਟੋ ਤਿਆਰ ਕਰ ਰਿਹਾ ਹੈ, ਜਿਸ ਵਿਚ ਕਿਸਾਨਾਂ ਅਤੇ ਦਲਿਤਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ ਅਤੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਅਕਾਲੀ ਦਲ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ।


Related News