ਭਵਿੱਖ ਦੀਆਂ ਪੀੜ੍ਹੀਆਂ ਤਬਾਹ ਕਰ ਦੇਵੇਗਾ ਨਸ਼ਿਆਂ ਅਤੇ ਏਡਜ਼ ਦਾ ਕਹਿਰ : ''ਆਪ''
Friday, Jul 19, 2019 - 01:57 PM (IST)
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਨੇ ਨਸ਼ੇ, ਕੈਂਸਰ, ਕਾਲਾ ਪੀਲੀਆ ਦਾ ਸੰਤਾਪ ਝੱਲ ਰਹੇ ਪੰਜਾਬ ਦੇ ਭਿਆਨਕ ਬੀਮਾਰੀ ਏਡਜ਼ (ਐੱਚ. ਆਈ. ਵੀ.) ਦੀ ਚਪੇਟ 'ਚ ਆਉਣ 'ਤੇ ਗਹਿਰੀ ਚਿੰਤਾ ਜਤਾਈ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਪਿਛਲੇ 15 ਦਿਨਾਂ 'ਚ ਐੱਚ. ਆਈ. ਵੀ. ਪਾਜ਼ੇਟਿਵ (ਏਡਜ਼) ਸਬੰਧੀ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਆ ਰਹੀਆਂ ਰਿਪੋਰਟਾਂ ਸੁੰਨ ਕਰਨ ਵਾਲੀਆਂ ਹਨ, ਜਿਸ 'ਤੇ ਨਾ ਸਿਰਫ ਸਰਕਾਰ ਬਲਕਿ ਸਮੁੱਚੇ ਸਮਾਜ ਨੂੰ ਬੇਹੱਦ ਗੰਭੀਰ ਹੋਣ ਦੀ ਜ਼ਰੂਰਤ ਹੈ। ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪਹਿਲਾਂ ਸੰਗਰੂਰ ਜ਼ਿਲੇ ਦੇ ਬਡਰੁੱਖਾ ਪਿੰਡ 'ਚ ਦਰਜਨ ਤੋਂ ਵੱਧ ਨੌਜਵਾਨਾਂ , ਫਿਰ ਫ਼ਾਜ਼ਿਲਕਾ 'ਚ 50 ਤੋਂ ਵੱਧ ਲੜਕਿਆਂ ਅਤੇ ਹੁਣ ਬਰਨਾਲਾ ਜ਼ਿਲੇ 'ਚ 40 ਤੋਂ ਵੱਧ ਐੱਚ. ਆਈ. ਵੀ. ਪਾਜ਼ੇਟਿਵ ਮਰੀਜ਼ ਮਿਲਣਾ ਇਸ ਘਾਤਕ ਅਤੇ ਜਾਨਲੇਵਾ ਬੀਮਾਰੀ ਦੇ ਵੱਡੇ ਪੱਧਰ 'ਤੇ ਫੈਲਣ ਦੇ ਸੰਕੇਤ ਦਿੰਦਾ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਸਰਜ਼ਮੀਂ 'ਤੇ ਨਸ਼ੇ, ਕੈਂਸਰ, ਕਾਲਾ ਪੀਲੀਆ ਅਤੇ ਏਡਜ਼ ਦਾ ਕਹਿਰ ਸਾਧਾਰਨ ਵਰਤਾਰਾ ਨਹੀਂ ਹੈ। ਇਹ ਜਾਨਲੇਵਾ ਕਹਿਰ ਕਿਸੇ ਨਾ ਕਿਸੇ ਤਰ੍ਹਾਂ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ।