‘ਆਪ’ ਦੀ ਸਰਕਾਰ ਆਉਣ ’ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਕੀਤਾ ਜਾਵੇਗਾ ਹੱਲ : ਕੁੰਵਰ ਵਿਜੇ ਪ੍ਰਤਾਪ
Sunday, Nov 28, 2021 - 05:58 PM (IST)
ਭੁਨਰਹੇੜੀ (ਨੌਗਾਵਾਂ) : ਆਮ ਆਦਮੀ ਪਾਰਟੀ ਵੱਲੋਂ ਪੰਜੇਟਾ ਪੈਲੇਸ, ਭੁਨਰਹੇੜੀ ਵਿਖੇ ਹਲਕਾ ਇੰਚਾਰਜ ਸਨੌਰ ਹਰਮੀਤ ਸਿੰਘ ਪਠਾਨਮਾਜਰਾ ਦੀ ਅਗਵਾਈ ਹੇਠ ਛੋਟੇ-ਵੱਡੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਵਿਸ਼ਾਲ ਇਕੱਤਰਤਾ ਹੋਈ। ਇਸ ’ਚ ਕੁੰਵਰ ਵਿਜੇ ਪ੍ਰਤਾਪ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਉਨ੍ਹਾਂ ਵਪਾਰੀਆਂ ਨੂੰ ਵਪਾਰ ’ਚ ਰਹੀਆਂ ਮੁਸ਼ਕਿਲਾਂ ਸੁਣੀਆਂ। ਆਗਾਮੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਦੀ ਸਰਕਾਰ ਆਉਣ ’ਤੇ ਉਕਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਵਪਾਰੀਆਂ ਦੇ ਵਪਾਰ ਨੂੰ ਹੋਰ ਉੱਨਤ ਬਣਾਉਣ ’ਚ ‘ਆਪ’ ਸਰਕਾਰ ਪੂਰਾ ਸਹਿਯੋਗ ਦੇਵੇਗੀ।
ਇਸ ਮੌਕੇ ਉਨ੍ਹਾਂ ‘ਆਪ’ ਵੱਲੋਂ ਵਿਦਿਆਰਥੀ ਵਰਗ ’ਚ ਨਰਸਰੀ ਤੋਂ ਲੈ ਕੇ ਪੋਸਟ-ਗ੍ਰੇਜੂਏਸ਼ਨ ਤੱਕ ਦੀ ਸਾਰੀ ਪੜ੍ਹਾਈ ਮੁਫਤ ਦੇਣ ਦਾ ਐਲਾਨ ਵੀ ਕੀਤਾ। ਸਮਾਗਮ ਦੌਰਾਨ ਜਨਰਲ ਸਕੱਤਰ ਜਰਨੈਲ ਸਿੰਘ ਰਾਜਪੂਤ ਨੇ ਕਿਹਾ ਕਿ ਹਲਕੇ ’ਚ ਕੋਲਡ ਸਟੋਰ ਅਤੇ ਫੋਕਲ ਪੁਆਇੰਟ ਬਣਾਏ ਜਾਣ ਤਾਂ ਕਿ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫ਼ਸਲਾਂ ਕੋਲਡ ਸਟੋਰ ਨਾ ਹੋਣ ਕਰ ਕੇ ਖਰਾਬ ਹੋ ਜਾਂਦੀਆਂ ਹਨ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਵਪਾਰ ਨੂੰ ਪ੍ਰਫੁੱਲਿਤ ਕਰਨ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਵਾਇਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੇਰੀ ਡਿਊਟੀ ਲਗਾਈ ਗਈ ਹੈ ਕਿ ਵਪਾਰੀਆਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਵੇ। ਇਸ ਮੌਕੇ ਰਮਨ ਮਿੱਤਲ ਪ੍ਰਧਾਨ ਟ੍ਰੇਡ ਵਿੰਗ, ਅਨਿਲ ਠਾਕੁਰ ਵਾਈਸ ਪ੍ਰਧਾਨ, ਦੀਪਕ ਰਾਜਪੁਰਾ ਸਟੇਟ ਜੁਆਇੰਟ ਸਕੱਤਰ, ਸੁਨੀਲ ਕਪੂਰ, ਮਦਨ ਵਰਮਾ, ਮਧੁਰ ਗੋਇਲ ਆਦਿ ਵੀ ਹਾਜ਼ਰ ਸਨ।