ਆਂਗਣਵਾੜੀ ਵਰਕਰਾਂ ਦੇ ਇਕੱਠ ਅੱਗੇ ਪੁਲਸ ਹੋਈ ਬੇਵੱਸ

Thursday, Nov 16, 2017 - 06:53 AM (IST)

ਆਂਗਣਵਾੜੀ ਵਰਕਰਾਂ ਦੇ ਇਕੱਠ ਅੱਗੇ ਪੁਲਸ ਹੋਈ ਬੇਵੱਸ

ਅੰਮ੍ਰਿਤਸਰ,  (ਦਲਜੀਤ)-   ਜੇਲ ਭਰੋ ਅੰਦੋਲਨ ਤਹਿਤ ਡਿਪਟੀ ਕਮਿਸ਼ਨਰ ਦਫ਼ਤਰ ਗ੍ਰਿਫਤਾਰੀ ਦੇਣ ਪੁੱਜੀਆਂ ਆਂਗਣਵਾੜੀ ਵਰਕਰਾਂ ਦੇ ਇਕੱਠ ਨੂੰ ਦੇਖ ਕੇ ਪੁਲਸ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ। ਵਰਕਰਾਂ ਨੇ ਪੰਜਾਬ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਪੁਲਸ ਨੇ ਵਰਕਰਾਂ ਦੀ ਗ੍ਰਿਫਤਾਰੀ ਕਰਨ ਦੀ ਬਜਾਏ ਇਧਰ-ਉਧਰ ਹੋ ਕੇ ਸਮਾਂ ਟਪਾਇਆ।
ਜਾਣਕਾਰੀ ਅਨੁਸਾਰ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਪ੍ਰਧਾਨ ਗੁਰਮਿੰਦਰ ਕੌਰ ਤੇ ਸਕੱਤਰ ਹਰਜਿੰਦਰ ਕੌਰ ਨੇ ਆਪਣੀਆਂ ਅਹਿਮ ਮੰਗਾਂ ਸਬੰਧੀ ਅੱਜ ਜੇਲ ਭਰੋ ਅੰਦੋਲਨ ਦਾ ਐਲਾਨ ਕੀਤਾ ਹੋਇਆ ਸੀ। ਜ਼ਿਲੇ ਤੋਂ ਹਜ਼ਾਰਾਂ ਦੀ ਗਿਣਤੀ 'ਚ ਵਰਕਰ ਗ੍ਰਿਫਤਾਰੀਆਂ ਦੇਣ ਲਈ ਡੀ. ਸੀ. ਦਫ਼ਤਰ ਪੁੱਜੇ ਹੋਏ ਸਨ। ਪੁਲਸ ਵੱਲੋਂ ਗ੍ਰਿਫਤਾਰ ਨਾ ਕਰਨ 'ਤੇ ਵਰਕਰਾਂ ਨੇ ਡੀ. ਸੀ. ਦਫ਼ਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਗੁਰਮਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਦੀ ਹੋਈ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਰਹੀ ਹੈ। ਸਰਕਾਰ ਨੇ ਰਾਜ ਦੀਆਂ 54 ਹਜ਼ਾਰ ਵਰਕਰਾਂ ਨੂੰ 62 ਦਿਨ ਤੋਂ ਬੇਰੁਜ਼ਗਾਰ ਕਰ ਕੇ ਸੜਕਾਂ 'ਤੇ ਉਤਰਨ ਲਈ ਮਜਬੂਰ ਕੀਤਾ ਹੋਇਆ ਹੈ। ਮੁੱਖ ਮੰਤਰੀ ਵੱਲੋਂ ਵਰਕਰਾਂ ਦੀਆਂ ਮੰਗਾਂ ਸੁਣਨ ਦੀ ਗੱਲ ਤਾਂ ਦੂਰ, ਯੂਨੀਅਨ ਨੂੰ ਮੀਟਿੰਗ ਲਈ ਸਮਾਂ ਤੱਕ ਵੀ ਨਹੀਂ ਦਿੱਤਾ ਗਿਆ। ਕੈਪਟਨ ਸਰਕਾਰ ਅੱਗੇ ਸਾਰੇ ਮੰਤਰੀ ਬੇਵੱਸ ਹਨ।
ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਯੂਨੀਅਨ ਦੀਆਂ ਮੰਗਾਂ ਮੰਨ ਕੇ ਛੇਤੀ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਨਾ ਮਿਲਣ ਕਾਰਨ ਮੰਤਰੀ ਦੇ ਆਦੇਸ਼ ਵੀ ਹਵਾ ਵਿਚ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਵਰਕਰ ਪਿਛਲੇ ਕਈ ਸਾਲਾਂ ਤੋਂ ਆਂਗਣਵਾੜੀ ਕੇਂਦਰ ਚਲਾ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਸਨ ਪਰ ਹੁਣ ਇਹ ਕੇਂਦਰ ਬੰਦ ਕਰ ਕੇ ਵਰਕਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।
ਇਸ ਮੌਕੇ ਸੁੱਚਾ ਸਿੰਘ ਅਜਨਾਲਾ, ਨਰਿੰਦਰਪਾਲ, ਜਸਪਾਲ, ਸਿਮਰਨ, ਸਰਬਜੀਤ, ਹਰਜਿੰਦਰ ਦਰਸ਼ਨ ਤੇ ਹੋਰ ਮੌਜੂਦ ਸਨ।


Related News