ਸ਼ਾਹਕੋਟ ਉਪ ਚੋਣ ਲੜਨ ਲਈ ਫਿਲਹਾਲ ''ਆਪ'' ਇਕਮਤ ਨਹੀਂ

02/14/2018 8:48:21 AM

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਉਮੀਦ ਮੁਤਾਬਕ ਨਤੀਜੇ ਹਾਸਲ ਨਾ ਹੋਣ ਮਗਰੋਂ ਸਭ ਤੋਂ ਵੱਡੀ ਵਿਰੋਧੀ ਧਿਰ ਪਾਰਟੀ ਬਣੀ ਆਮ ਆਦਮੀ ਪਾਰਟੀ (ਆਪ) 'ਚ ਜਲੰਧਰ ਦੀ ਸ਼ਾਹਕੋਟ ਵਿਧਾਨ ਸਭਾ ਸੀਟ ਲਈ ਚੋਣ ਲੜਨ 'ਤੇ ਫਿਲਹਾਲ ਸਹਿਮਤੀ ਨਹੀਂ ਬਣ ਰਹੀ ਹੈ। 'ਆਪ' ਇਸ ਉਪ ਚੋਣ ਤੋਂ ਪਹਿਲਾਂ ਗੁਰਦਾਸਪੁਰ ਲੋਕ ਸਭਾ ਉਪ ਚੋਣ ਤੇ ਮਿਊਂਸੀਪਲ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਕੇ ਮਾੜੀ ਹਾਲਤ 'ਚ ਹੈ। ਅਜਿਹੇ 'ਚ 'ਆਪ' ਦਾ ਇਕ ਧੜਾ ਚਾਹੁੰਦਾ ਹੈ ਕਿ ਪਾਰਟੀ ਉਪ ਚੋਣ ਤੋਂ ਦੂਰ ਹੀ ਰਹੇ ਕਿਉਂਕਿ ਇਸ ਦੇ ਨਤੀਜੇ ਉਲਟ ਆਉਣ 'ਤੇ ਪਾਰਟੀ ਦੇ ਅਕਸ 'ਤੇ ਪ੍ਰਭਾਵ ਪੈਣਾ ਤੈਅ ਹੈ। ਹਾਲਾਂਕਿ ਆਪ ਵਲੋਂ 2017 ਵਿਧਾਨ ਸਭਾ ਚੋਣਾਂ ਤੋਂ ਬਾਅਦ ਲਏ ਗਏ ਇਕ ਫੈਸਲੇ ਮੁਤਾਬਕ ਆਪ ਨੂੰ ਸੰਗਠਨ ਮਜ਼ਬੂਤੀ ਲਈ ਹਰ ਚੋਣ ਲੜਨੀ ਹੀ ਪਵੇਗੀ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਜੀਤ ਸਿੰਘ ਕੋਹਾੜ ਦੇ ਦਿਹਾਂਤ ਕਾਰਨ ਖਾਲੀ ਹੋਈ ਸ਼ਾਹਕੋਟ ਵਿਧਾਨ ਸਭਾ ਸੀਟ ਲਈ ਸਿਆਸੀ ਪਾਰਟੀਆਂ 'ਚ ਹੁਣ ਤੋਂ ਤਿਆਰੀ ਸ਼ੁਰੂ ਹੋ ਚੁੱਕੀ ਹੈ। ਜਿਥੇ ਅਕਾਲੀ ਦਲ ਵਲੋਂ ਕੋਹਾੜ ਦੇ ਪਰਿਵਾਰ ਨੂੰ ਹੀ ਚੋਣ ਮੈਦਾਨ 'ਚ ਉਤਾਰਨ ਦੀ ਗੱਲ ਚੱਲੀ ਹੈ, ਉਥੇ ਹੀ ਕਾਂਗਰਸ ਤੋਂ ਵੀ ਕਈ ਸੀਨੀਅਰ ਆਗੂਆਂ ਨੂੰ ਟਿਕਟ ਦਿੱਤੇ ਜਾਣ ਦੀਆਂ ਚਰਚਾਵਾਂ ਹੋ ਰਹੀਆਂ ਹਨ। ਇਸੇ ਵਿਚਕਾਰ 'ਆਪ' ਵੀ ਚੋਣ ਲੜਨ ਜਾਂ ਨਾ ਲੜਨ ਸਬੰਧੀ ਫਿਲਹਾਲ ਕੋਈ ਫੈਸਲਾ ਨਹੀਂ ਲੈ ਪਾ ਰਹੀ ਹੈ। 'ਆਪ' ਆਗੂ ਕਹਿ ਰਹੇ ਹਨ ਕਿ ਸ਼ਾਹਕੋਟ ਸੀਟ ਸਬੰਧੀ ਸਮਾਂ ਆਉਣ 'ਤੇ ਹੀ ਫੈਸਲਾ ਕੀਤਾ ਜਾਏਗਾ। ਖਾਸ ਗੱਲ ਇਹ ਹੈ ਕਿ ਵਿਧਾਨ ਸਭਾ ਚੋਣ 2017 'ਚ ਬੇਸ਼ੱਕ ਆਮ ਆਦਮੀ ਪਾਰਟੀ ਦੀ ਮਾਝਾ ਅਤੇ ਦੋਆਬਾ ਇਲਾਕੇ 'ਚ ਪਰਫਾਰਮੈਂਸ ਜ਼ਿਆਦਾ ਚੰਗੀ ਨਹੀਂ ਰਹੀ ਸੀ ਪਰ ਉਸ ਦੇ ਬਾਵਜੂਦ ਜਲੰਧਰ ਜ਼ਿਲੇ 'ਚ ਪੈਂਦੀ ਸ਼ਾਹਕੋਟ ਸੀਟ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜ਼ਬਰਦਸਤ ਟੱਕਰ ਦਿੱਤੀ ਸੀ। 
ਪਿਛਲੀ ਸਰਕਾਰ 'ਚ ਟ੍ਰਾਂਸਪੋਰਟ ਮੰਤਰੀ ਰਹੇ ਸੀਨੀਅਰ ਅਕਾਲੀ ਨੇਤਾ ਅਜੀਤ ਸਿੰਘ ਕੋਹਾੜ ਨੇ 46858 ਵੋਟਾਂ ਲੈ ਕੇ ਇਹ ਸੀਟ ਜਿੱਤੀ ਸੀ, ਜਦੋਂਕਿ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਨੂੰ 41,963 ਵੋਟਾਂ ਹਾਸਲ ਹੋਈਆਂ ਸਨ ਪਰ ਸਭ ਤੋਂ ਅਹਿਮ ਗੱਲ ਇਹ ਸੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਥਿੰਦ ਨੂੰ ਵੀ 40 ਹਜ਼ਾਰ ਤੋਂ ਜ਼ਿਆਦਾ ਵੋਟਾਂ ਹਾਸਲ ਹੋਈਆਂ ਸਨ। ਇਹੋ ਉਹ ਗੱਲ ਹੈ ਜਿਸ ਤੋਂ ਆਮ ਆਦਮੀ ਪਾਰਟੀ ਉਤਸ਼ਾਹਿਤ ਹੈ ਅਤੇ ਇਸ ਸੰਭਾਵਨਾ ਨੂੰ ਵੇਖ ਰਹੀ ਹੈ ਕਿ ਥੋੜ੍ਹੀ ਮਿਹਨਤ ਤੋਂ ਬਾਅਦ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਉਧਰ 'ਆਪ' ਦੇ ਪੰਜਾਬ ਸਹਿ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਹਾਲੀਆ ਤੌਰ 'ਤੇ 'ਆਪ' ਸ਼ਾਹਕੋਟ 'ਚ ਸੰਭਾਵਿਤ ਉਪ ਚੋਣ ਲੜਨ ਲਈ ਤਿਆਰ ਹੈ। ਇਸ ਸਬੰਧੀ ਪਹਿਲਾ ਹੀ ਫੈਸਲਾ ਮੌਜੂਦ ਹੈ, ਜਿਸ ਮੁਤਾਬਕ 'ਆਪ' ਨੇ ਪੰਜਾਬ 'ਚ ਹੋਣ ਵਾਲੇ ਹਰ ਪੱਧਰ ਦੀ ਚੋਣ 'ਚ ਹਿੱਸਾ ਲੈਣਾ ਹੈ ਤੇ ਇਹ ਸੰਗਠਨ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ।


Related News