ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ’ਚ ਸੁਲਗ ਰਹੀ ‘ਬਗਾਵਤ’ ਦੀ ਚੰਗਿਆੜੀ

Monday, Nov 15, 2021 - 04:00 PM (IST)

ਲੁਧਿਆਣਾ (ਹਿਤੇਸ਼)-ਆਮ ਆਦਮੀ ਪਾਰਟੀ ਵੱਲੋਂ ਦੋ ਵਿਧਾਇਕਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਕੁਨਬਾ ਬਿਖਰਨ ਤੋਂ ਬਚਾਉਣ ਲਈ 10 ਮੌਜੂਦਾ ਵਿਧਾਇਕਾਂ ਨੂੰ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਸ ਦੇ ਕਈ ਵਿਧਾਇਕਾਂ ਤੇ ਵਿਧਾਨ ਸਭਾ ਚੋਣਾਂ ਲੜਨ ਵਾਲੇ ਵੱਡੇ ਨੇਤਾ ਕਾਂਗਰਸ ’ਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ ਪਰ ਉਨ੍ਹਾਂ ਨੂੰ ਕਾਂਗਰਸ ’ਚ ਸ਼ਾਮਲ ਕਰਨ ਨੂੰ ਲੈ ਕੇ ਫ਼ੈਸਲਾ ਨਹੀਂ ਸਕਿਆ ਹੈ ਕਿਉਂਕਿ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸ਼ਾਮਲ ਕਰਨ ਨਾਲ ਕਾਂਗਰਸ ’ਚ ਬਗਾਵਤ ਦੀ ਚੰਗਿਆੜੀ ਸੁਲਗ ਰਹੀ ਹੈ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਖੁੱਲ੍ਹੇਆਮ ਸਮਰਥਨ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਜੱਗਾ, ਜਿਸ ਰਾਏਕੋਟ ਸੀਟ ਤੋਂ ਵਿਧਾਇਕ ਹਨ, ਉਥੋਂ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਪਹਿਲਾਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਤੇ ਇਸ ਵਾਰ ਆਪਣੇ ਪੁੱਤਰ ਲਈ ਟਿਕਟ ਦੀ ਮੰਗ ਕਰ ਰਹੇ ਹਨ ਪਰ ਜੱਗਾ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਟਿਕਟ ’ਤੇ ਉਨ੍ਹਾਂ ਦੀ ਦਾਅਵੇਦਾਰੀ ਕਮਜ਼ੋਰ ਪੈ ਜਾਵੇਗੀ, ਜਿਸ ਨੂੰ ਲੈ ਕੇ ਉਨ੍ਹਾਂ ਨੇ ਹਾਈਕਮਾਨ ਦੇ ਸਾਹਮਣੇ ਇਤਰਾਜ਼ ਦਰਜ ਕਰਵਾਇਆ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਵਾਪਸੀ ਦੇ ਦਾਅਵਿਆਂ ਨੂੰ ਕੈਪਟਨ ਨੇ ਕੀਤਾ ਖਾਰਿਜ, ਕਿਹਾ-ਗਾਂਧੀ ਪਰਿਵਾਰ ਨੂੰ ਨਹੀਂ ਮਿਲਾਂਗਾ

ਸ਼ਾਇਦ ਇਹੀ ਵਜ੍ਹਾ ਹੈ ਕਿ ਜੱਗਾ ਵੱਲੋਂ ਉਨ੍ਹਾਂ ਨੂੰ ਮਨਾਉਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵਾਪਸ ਬੁਲਾਉਣ ਤੋਂ ਬਾਅਦ ਵੀ ਹੁਣ ਰਸਮੀ ਤੌਰ ’ਤੇ ਕਾਂਗਰਸ ’ਚ ਜੁਆਇਨਿੰਗ ਨਹੀਂ ਹੋ ਸਕੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਵਿਧਾਇਕਾਂ ਨਾਜਰ ਸਿੰਘ, ਪੀਰਮਲ ਸਿੰਘ, ਜਗਦੇਵ ਸਿੰਘ, ਰੁਪਿੰਦਰ ਰੂਬੀ ਨੂੰ ਪਹਿਲਾਂ ਕਾਂਗਰਸ ’ਚ ਸ਼ਾਮਲ ਕੀਤਾ ਗਿਆ ਸੀ, ਉਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਜਾਂ ਹਲਕਾ ਇੰਚਾਰਜ ਦੇ ਰੂਪ ’ਚ ਕੰਮ ਕਰਨ ਰਹੇ ਕਾਂਗਰਸੀ ਨੇਤਾ ਵੀ ਨਾਰਾਜ਼ ਚੱਲ ਰਹੇ ਹਨ, ਜਿਨ੍ਹਾਂ ਵੱਲੋਂ ਟਿਕਟ ਨਾ ਮਿਲਣ ਦੇ ਡਰੋਂ ਆਮ ਆਦਮੀ ਪਾਰਟੀ, ਅਕਾਲੀ ਦਲ ਜਾਂ ਭਾਜਪਾ ਦੇ ਨਾਲ ਸੰਪਰਕ ਕੀਤਾ ਜਾ  ਰਿਹਾ ਹੈ, ਇਸ ਦੀ ਭਿਣਕ ਪੈਣ ’ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕਾਂ ਨੂੰ ਸ਼ਾਮਲ ਕਰਨ ਤੋਂ ਫਿਲਹਾਲ ਪੈਰ ਪਿੱਛੇ ਖਿੱਚ ਲਏ ਹਨ। ਮਿਲੀ ਜਾਣਕਾਰੀ ਮੁਤਾਬਕ ਹਾਈਕਮਾਨ ਵੱਲੋਂ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਾਂ ਕਾਂਗਰਸ ਨੇਤਾਵਾਂ ਨੂੰ ਕਮਜ਼ੋਰ ਦਾਅਵੇਦਾਰੀ ਵਾਲੀ ਸੀਟ ’ਤੇ ਐਡਜਸਟ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News