ਸਰਕਾਰ ਦੀ ਕੁੰਭਕਰਨੀ ਨੀਂਦ ''ਤੇ ਭੜਕੀ ਆਮ ਆਦਮੀ ਪਾਰਟੀ

10/30/2017 2:35:56 PM

ਪਟਿਆਲਾ (ਜੋਸਨ) — ਪਟਿਆਲਾ 'ਚ ਡੇਂਗੂ ਦੇ ਬੁਖਾਰ ਦਾ ਕਹਿਰ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਪਟਿਆਲਾ ਨੇ ਇਸ ਦਾ ਸਖਤ ਨੋਟਿਸ ਲਿਆ ਤੇ ਇਸ ਦਾ ਜ਼ਿੰਮੇਵਾਰ ਸਿਹਤ ਮੰਤਰੀ ਬ੍ਰਹਿਮ ਮਹਿੰਦਰਾ ਨੂੰ ਠਹਿਰਾਉਂਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਸਵਿੰਦਰ ਧਨੰਜੇ ਤੇ ਬਲਾਕ ਨੰ. 5 ਦੇ ਆਗੂ ਜਸਵਿੰਦਰ ਕੁਮਾਰ ਦੀ ਅਗਵਾਈ 'ਚ ਸੰਡੇ ਮਾਰਕੀਟ ਪਟਿਆਲਾ 'ਚ ਸਿਹਤ ਮੰਤਰੀ ਦਾ ਪੁਤਲਾ ਫੂਕਿਆ।
ਆਮ ਆਦਮੀ ਪਾਰਟੀ ਪਟਿਆਲਾ ਨਿਗਮ ਦੇ ਜਨਰਲ ਸਕੱਤਰ ਸਵਿੰਦਰ ਧਨੰਜੇ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ਸਿਹਤ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੇ ਦਿਹਾਤੀ 'ਚ ਪਿਛਲੇ 3 ਮਹੀਨਿਆਂ ਦਾ ਤੋਂ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ, ਜੋ ਪਿਛਲੇ 20 ਦਿਨਾਂ ਤੋਂ ਕਾਫੀ ਵੱਧ ਹੋ ਗਿਆ ਹੈ। ਪੂਰੇ ਸ਼ਹਿਰ 'ਚ ਸਫਾਈ ਦਾ ਬੁਰਾ ਹਾਲ ਹੈ, ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਗ੍ਹਾ-ਜਗ੍ਹਾ ਸਿਵਰੇਜ ਲੀਕ ਹੋ ਰਹੇ ਹਨ। ਜੋ ਕਿ ਪ੍ਰਮੁੱਖ ਤੌਰ 'ਤੇ ਬੀਮਾਰੀਆਂ ਦੀ ਜੜ੍ਹ ਹਨ।
ਸਵਿੰਦਰ ਧਨੰਜੇ ਨੇ ਕਿਹਾ ਕਿ ਪੂਰੇ ਨਿਗਮ ਹਲਕੇ 'ਚ ਸਫਾਈ ਨਾ ਹੋਣ ਕਰਕੇ, ਸਿਵਰੇਜ ਲੀਕ ਹੋਣ ਕਰਕੇ ਤੇ ਗੰਦਗੀ ਕਰਕੇ ਡੇਂਗੂ,ਚਿਕਨਗੁਨੀਆ ਤੇ ਮਲੇਰੀਆ ਜਿਹੀਆਂ ਬੀਮਾਰੀਆਂ ਫੈਲ ਰਹੀਆਂ ਹਨ। ਪੂਰੇ ਸ਼ਹਿਰ ਦੇ ਹਰ ਘਰ 'ਚ ਡੇਂਗੂ ਦੇ ਮਰੀਜ਼ ਪਏ ਹਨ। ਸਾਡੀ ਪਾਰਟੀ ਦੇ ਕਈ ਵਰਕਰ ਵੀ ਡੇਂਗੂ ਬੁਖਾਰ ਨਾਲ ਪੀੜਤ ਹਨ। ਪਾਰਟੀ ਵਲੋਂ ਤੇ ਇਲਾਕਾ ਨਿਵਾਸੀਆਂ ਵਲੋਂ ਪ੍ਰਸ਼ਾਸਨ ਤੇ ਨਗਰ ਨਿਗਮ ਪਟਿਆਲਾ 'ਚ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਸਫਾਈ ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਪੂਰੇ ਸ਼ਹਿਰ 'ਚ ਡੇਂਗੂ ਦੀ ਬਿਮਾਰੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ।
ਇਸ ਮੌਕੇ ਪਟਿਆਲਾ ਸ਼ਹਿਰੀ ਤੋਂ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਖਾਸ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਪੂਰੇ ਨਿਗਮ ਹਲਕੇ 'ਚ ਡੇਂਗੂ ਕਾਰਨ ਆਮ ਲੋਕਾਂ ਦਾ ਬੁਰਾ ਹਾਲ ਹੈ। ਸਿਹਤ ਵਿਭਾਗ ਤੇ ਨਗਰ ਨਿਗਮ ਪਟਿਆਲਾ ਵਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਮੱਛਰ ਲਗਾਤਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਦੂਜੇ ਪਾਸੇ ਡਾਕਟਰ ਤੇ ਟੈਸਟ ਕਰਨ ਵਾਲੀਆਂ ਲੈਬਾਰੇਟਰੀ ਦੀ ਮਿਲੀਭੁਗਤ ਵੀ ਡੇਂਗੂ ਦੇ ਇਲਾਜ 'ਚ ਆਮ ਲੋਕਾਂ ਦੀ ਜੇਬ 'ਤੇ ਭਾਰੀ ਪੈ ਰਹੀ ਹੈ।
ਸਵਿੰਦਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ, ਸਿਹਤ ਮੰਤਰੀ ਤੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅੱਗੇ ਅਪੀਲ ਕਰਦੇ ਹਨ ਕਿ ਜਲਦ ਤੋਂ ਜਲਦ ਪੂਰੇ ਇਲਾਕੇ ਦੀ ਸਫਾਈ ਤੇ ਫੋਗਿੰਗ ਕਰਵਾਈ ਜਾਵੇ। ਜੇਕਰ ਅਜਿਹਾ ਨਹੀਂ ਕਰਵਾਇਆ ਜਾਂਦਾ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਨਾਲ ਮਿਲਕੇ ਸਰਕਾਰ ਤੇ ਨਿਗਮ ਦੇ ਖਿਲਾਫ ਸੜਕਾਂ 'ਤੇ ਉੱਤਰ ਕੇ ਸੰਘਰਸ਼ ਕਰੇਗੀ। 


Related News