ਆਮ ਆਦਮੀ ਪਾਰਟੀ 'ਚ ਰੇੜਕਾ ਬਰਕਰਾਰ, ਵੱਧ ਸਕਦੀਆਂ ਨੇ ਹੋਰ ਮੁਸੀਬਤਾਂ

Monday, Oct 29, 2018 - 03:54 PM (IST)

ਆਮ ਆਦਮੀ ਪਾਰਟੀ 'ਚ ਰੇੜਕਾ ਬਰਕਰਾਰ, ਵੱਧ ਸਕਦੀਆਂ ਨੇ ਹੋਰ ਮੁਸੀਬਤਾਂ

ਜਲੰਧਰ— ਆਮ ਆਦਮੀ ਪਾਰਟੀ 'ਚ ਚੱਲ ਰਿਹਾ ਕਾਟੋ-ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਮ ਆਦਮੀ ਪਾਰਟੀ ਦਾ ਇਕ ਧੜਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸੁਖਪਾਲ ਖਹਿਰਾ ਸਣੇ ਤਿੰਨ ਵਿਧਾਇਕਾਂ ਨੂੰ ਚੋਣ ਮੈਦਾਨ 'ਚ ਉਤਾਰਣ 'ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਮੁਤਾਬਾਕ ਖਹਿਰਾ ਧੜਾ ਆਪਣੇ 8 ਵਿਧਾਇਕਾਂ ਸਮੇਤ ਅੰਦਰੋਂ-ਅੰਦਰੀਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ ਸੀ। ਹਾਲਾਂਕਿ ਬਦਲਦੇ ਸਿਆਸੀ ਸਮੀਕਰਨਾਂ ਦਰਮਿਆਨ ਤੀਜੇ ਧਿਰ ਦੇ ਉੱਭਣ ਦੀ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। 


ਜ਼ਿਕਰਯੋਗ ਹੈ ਕਿ ਇਕ ਪਾਸੇ ਜਿੱਥੇ ਇਕ ਧੜ੍ਹੇ ਵੱਲੋਂ ਖਹਿਰਾ ਨੂੰ ਹਰਸਿਮਰਤ ਕੌਰ ਬਾਦਲ ਦੇ ਚੋਣ ਖੇਤਰ ਬਠਿੰਡਾ ਤੋਂ ਚੋਣ ਲੜਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਖਰੜ੍ਹ ਦੇ ਵਿਧਾਇਕ ਕੰਵਰ ਸੰਧੂ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਫਰੀਦਕੋਟ ਤੋਂ ਵਿਧਾਇਕ ਬਲਦੇਵ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਇਸ ਦੇ ਲਈ ਉਨ੍ਹਾਂ ਨੂੰ ਆਪਣੀਆਂ ਵਿਧਾਨ ਸਭਾ ਸੀਟਾਂ ਤੋਂ ਅਸਤੀਫੇ ਦੇਣੇ ਪੈ ਸਕਦੇ ਹਨ ਕਿਉਂਕਿ ਉੱਪ ਚੋਣਾਂ ਇਕ ਹੀ ਸਮੇਂ ਆਯੋਜਿਤ ਕੀਤੀਆਂ ਜਾਣਗੀਆਂ। ਹਾਲਾਂਕਿ ਇਸ ਕਦਮ 'ਤੇ ਧੜ੍ਹੇ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਜੇਕਰ ਇਨ੍ਹਾਂ ਵਿਧਾਇਕਾਂ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ ਤਾਂ ਦਿੱਲੀ ਦੀ ਆਮ ਆਦਮੀ ਪਾਰਟੀ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ ਕਿਉਂਕਿ ਵਿਧਾਇਕ ਐੱਚ. ਐੱਸ. ਫੂਲਕਾ ਨੇ ਪਹਿਲਾਂ ਹੀ ਵਿਧਾਨ ਸਭਾ ਸੀਟ ਤੋਂ ਸਪੀਕਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ, ਜਿਸ ਨੂੰ ਅਜੇ ਤੱਕ ਸਵੀਕਾਰ ਨਹੀਂ ਕੀਤਾ ਜਾ ਸਕਿਆ ਹੈ। ਉਥੇ ਹੀ ਜੇਕਰ ਅਜਿਹਾ ਹੁੰਦਾ ਹੈ ਤਾਂ 'ਆਪ' ਦੇ ਵਿਧਾਇਕਾਂ ਦੀ ਗਿਣਤੀ 16 ਤੱਕ ਰਹਿ ਜਾਵੇਗੀ।


Related News