ਆਮ ਆਦਮੀ ਪਾਰਟੀ ਦੇ ਚੋਣ ਚੰਦੇ ''ਚ 13.16 ਕਰੋੜ ਦਾ ਗੋਲਮਾਲ

09/12/2018 4:15:04 PM

ਜਲੰਧਰ (ਨਰੇਸ਼) : ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਚੋਣ ਚੰਦੇ ਦੀ ਜਾਣਕਾਰੀ 'ਚ ਪਾਰਦਰਸ਼ਿਤਾ ਨਾ ਵਰਤਣ ਦਾ ਦੋਸ਼ੀ ਪਾਉਂਦੇ ਹੋਏ ਪਾਰਟੀ ਨੂੰ 20 ਦਿਨ 'ਚ ਇਸ 'ਤੇ ਸਥਿਤੀ ਸਪੱਸ਼ਟ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਵਲੋਂ ਜਾਰੀ ਨੋਟਿਸ 'ਚ ਕਮਿਸ਼ਨ ਨੇ ਪਾਰਟੀ ਤੋਂ ਪੁੱਛਿਆ ਹੈ ਕਿ ਕਿਉਂ ਨਾ ਚੋਣ ਚੰਦੇ ਦੀ ਜਾਣਕਾਰੀ ਲੁਕਾਉਣ ਦੇ ਦੋਸ਼ 'ਚ ਪਾਰਟੀ ਨੂੰ ਜਾਰੀ ਕੀਤਾ ਗਿਆ ਚੋਣ ਨਿਸ਼ਾਨ ਵਾਪਸ ਲੈ ਲਿਆ ਜਾਵੇ। ਨੋਟਿਸ 'ਚ ਚੋਣ ਕਮਿਸ਼ਨ ਨੇ ਲਿਖਿਆ ਹੈ ਕਿ ਪਾਰਟੀ ਦੇ ਇਸ ਸਬੰਧ 'ਚ ਨੋਟਿਸ ਦੇ ਜਵਾਬ 'ਚ ਦਿੱਤੇ ਜਾਣ ਵਾਲੇ ਤੱਥਾਂ ਅਤੇ ਰਿਕਾਰਡ ਦੇ ਆਧਾਰ 'ਤੇ ਹੀ ਕਮਿਸ਼ਨ ਅਗਲਾ ਫੈਸਲਾ ਲਵੇਗਾ। ਦਰਅਸਲ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ 30 ਸਤੰਬਰ 2015 ਨੂੰ ਵਿੱਤੀ ਸਾਲ 2014-15 ਦੇ ਚੰਦੇ ਦੀ ਰਿਪੋਰਟ ਜਮ੍ਹਾ ਕਰਵਾਈ ਸੀ। ਇਸ ਤੋਂ ਬਾਅਦ ਪਾਰਟੀ ਨੇ ਚੰਦੇ ਦੀ ਸੋਧੀ ਹੋਈ ਰਿਪੋਰਟ 20 ਮਾਰਚ 2017 ਨੂੰ ਜਮ੍ਹਾ ਕਰਵਾਈ। ਪਹਿਲਾਂ ਜਮ੍ਹਾ ਕਰਵਾਈ ਗਈ ਰਿਪੋਰਟ 'ਚ ਪਾਰਟੀ ਨੇ 2696 ਲੋਕਾਂ ਤੋਂ 37 ਕਰੋੜ 45 ਲੱਖ 44 ਹਜ਼ਾਰ 618 ਰੁਪਏ ਚੰਦੇ ਦੇ ਰੂਪ 'ਚ ਮਿਲਣ ਦੀ ਗੱਲ ਕਹੀ ਸੀ, ਜਦਕਿ ਸੋਧੀ ਹੋਈ ਰਿਪੋਰਟ 'ਚ ਪਾਰਟੀ ਨੇ ਦਾਨੀਆਂ ਦੀ ਗਿਣਤੀ ਵਧਾ ਕੇ 8254 ਕਰ ਦਿੱਤੀ, ਜਦਕਿ ਦਾਨ ਦੇ ਰੂਪ 'ਚ ਮਿਲੀ ਰਾਸ਼ੀ ਨੂੰ 37 ਕਰੋੜ 60 ਲੱਖ 62 ਹਜ਼ਾਰ 631 ਰੁਪਏ ਦੱਸਿਆ ਗਿਆ। ਇਸ ਤੋਂ ਬਾਅਦ ਸੈਂਟਰਲ ਬੋਰਡ ਆਫ ਡਾਇਰੈਕਟਰ ਟੈਕਸਿਸ (ਭਾਵ ਸੀ. ਬੀ. ਡੀ. ਟੀ.) ਵਲੋਂ 5 ਜਨਵਰੀ 2018 ਨੂੰ ਚੋਣ ਕਮਿਸ਼ਨ ਨੂੰ ਦਿੱਤੀ ਗਈ 'ਆਪ' ਦੀ ਵਿੱਤੀ ਸਾਲ 2014-15 ਦੀ ਰਿਪੋਰਟ 'ਚ 13.16 ਕਰੋੜ ਰੁਪਏ ਦੇ ਚੰਦੇ ਦੀ ਰਾਸ਼ੀ 'ਚ ਗੜਬੜ ਪਾਈ ਹੈ।

ਰਿਪੋਰਟ 'ਚ ਲਿਖਿਆ ਹੈ ਕਿ 'ਆਪ' ਨੇ ਪਾਰਟੀ ਦੇ ਬੈਂਕ ਖਾਤੇ 'ਚ 67.67 ਕਰੋੜ ਰੁਪਏ ਹੋਣ ਦੀ ਜਾਣਕਾਰੀ ਦਿੱਤੀ ਹੈ। ਜਿਨ੍ਹਾਂ 'ਚੋਂ 64.44 ਕਰੋੜ ਰੁਪਏ ਚੰਦੇ ਦੀ ਰਕਮ ਦੱਸੀ ਗਈ ਹੈ ਜਦਕਿ ਪਾਰਟੀ ਨੇ ਵਿੱਤੀ ਸਾਲ ਦੇ ਆਪਣੀ ਆਡਿਟ ਰਿਪੋਰਟ 'ਚ ਪਾਰਟੀ ਦੀ ਕੁਲ ਆਮਦਨ 54.15 ਕਰੋੜ ਰੁਪਏ ਦੱਸੀ ਹੈ। ਲਿਹਾਜਾ ਇਸ 'ਚੋਂ 13.16 ਕਰੋੜ ਦਾ ਹਿਸਾਬ ਨਹੀਂ ਮਿਲ ਰਿਹਾ। ਇਸ ਰਿਪੋਰਟ 'ਚ ਪਾਰਟੀ ਨੂੰ ਹਵਾਲੇ ਦੇ ਜ਼ਰੀਏ 2 ਕਰੋੜ ਰੁਪਏ ਮਿਲਣ ਦੀ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਹ ਰਾਸ਼ੀ ਵੀ ਪਾਰਟੀ ਨੇ ਚੋਣ ਚੰਦੇ ਦੇ ਰੂਪ 'ਚ ਦਿਖਾਈ ਹੈ। ਇਸ ਤੋਂ ਇਲਾਵਾ ਪਾਰਟੀ ਨੇ ਆਪਣੀ ਵੈੱਬਸਾਈਟ 'ਤੇ ਵੀ ਚੋਣ ਚੰਦੇ ਨੂੰ ਲੈ ਕੇ ਗਲਤ ਜਾਣਕਾਰੀ ਦਿੱਤੀ ਹੈ ਅਤੇ ਇਹ ਰੀਪ੍ਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੀ ਧਾਰਾ 29 ਸੀ ਦੀ ਉਲੰਘਣਾ ਹੈ।
 


Related News