''ਆਪ'' ਦਾ ਅੰਦਰੂਨੀ ਕਲੇਸ਼, ਬੱਬੂ ਨੀਲਕੰਠ ਖਿਲਾਫ ਇਕਜੁੱਟ ਹੋ ਕੇ ਚੱਲਣਗੇ ਕਈ ਨੇਤਾ!

08/02/2017 5:42:53 PM

ਜਲੰਧਰ(ਬੁਲੰਦ)— ਆਮ ਆਦਮੀ ਪਾਰਟੀ ਦੇ ਜਲੰਧਰ ਸ਼ਹਿਰੀ ਪ੍ਰਧਾਨ ਬੱਬੂ ਨੀਲਕੰਠ ਦੀ ਪ੍ਰਧਾਨਗੀ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ 'ਆਪ' ਵਿਚ ਵੱਡੇ ਅੰਦਰੂਨੀ ਕਲੇਸ਼ ਸਾਹਮਣੇ ਆਉਣ ਦੇ ਆਸਾਰ ਵਧਦੇ ਜਾ ਰਹੇ ਹਨ। ਇਕ ਪਾਸੇ ਨੀਲਕੰਠ ਗੁੱਟ ਵਿਰੋਧੀਆਂ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਕਰਨ ਦੀਆਂ ਗੱਲਾਂ ਕਹਿ ਰਿਹਾ ਹੈ, ਉਥੇ ਦੂਜੇ ਪਾਸੇ ਪਾਰਟੀ ਦੇ ਦੁਆਬਾ ਪ੍ਰਧਾਨ ਸਣੇ ਹੋਰ ਆਗੂਆਂ ਦੇ ਇਸ ਮਾਮਲੇ ਬਾਰੇ ਪਾਰਟੀ ਹਾਈਕਮਾਨ ਦੇ ਸਾਹਮਣੇ ਵਿਰੋਧ ਦਾ ਝੰਡਾ ਬੁਲੰਦ ਕਰ ਦਿੱਤਾ ਹੈ ਅਤੇ ਇਕ ਹਫਤੇ 'ਚ ਬੱਬੂ ਦੀ ਪ੍ਰਧਾਨਗੀ ਰੱਦ ਕਰਨ ਦਾ ਹੁਕਮ ਨਾ ਆਉਣ 'ਤੇ ਇਸ ਵਿਰੋਧ ਨੂੰ ਜਨਤਾ ਅਤੇ ਮੀਡੀਆ ਦੇ ਸਾਹਮਣੇ ਲੈ ਜਾਣ ਦਾ ਮਨ ਬਣਾ ਲਿਆ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਬੱਬੂ ਨੀਲਕੰਠ ਦੇ ਸਵਾਗਤ 'ਚ ਜਲੰਧਰ ਜ਼ੋਨਲ ਆਫਿਸ 'ਚ ਰੱਖੇ ਪ੍ਰੋਗਰਾਮ 'ਚ ਪੰਜਾਬ ਲੈਵਲ ਦਾ ਕੋਈ ਆਗੂ ਨਹੀਂ ਪਹੁੰਚਿਆ। ਇਥੋਂ ਤਕ ਕਿ ਦੋਆਬਾ ਜ਼ੋਨ ਦੇ 'ਆਪ' ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੂੰ ਇਸ ਪ੍ਰੋਗਰਾਮ ਲਈ ਸੱਦਾ ਭੇਜਿਆ ਗਿਆ ਸੀ ਪਰ ਉਹ ਵੀ ਇਸ 'ਚ ਸ਼ਾਮਲ ਨਹੀਂ ਹੋਏ ਅਤੇ ਨਾ ਹੀ ਦਿਹਾਤੀ ਪ੍ਰਧਾਨ ਸਰਵਣ ਸਿੰਘ ਹੇਅਰ ਹੀ ਇਸ 'ਚ ਪਹੁੰਚੇ। ਡਾ. ਸੰਜੀਵ ਗੁੱਟ ਦਾ ਤਾਂ ਕੋਈ ਵੀ ਆਗੂ ਨੀਲਕੰਠ ਦੇ ਸਵਾਗਤੀ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਇਆ। ਓਧਰ ਮਾਮਲੇ ਬਾਰੇ ਪਾਰਟੀ ਸੂਤਰਾਂ ਤੋਂ ਮਿਲੀ ਖਬਰਾਂ ਦੀ ਮੰਨੀਏ ਤਾਂ ਇਸ ਸਾਰੇ ਮਾਮਲੇ ਬਾਰੇ ਪਾਰਟੀ ਦੇ ਨਾਰਾਜ਼ ਆਗੂਆਂ ਨੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦੇ ਜਲੰਧਰ ਸ਼ਹਿਰੀ ਪ੍ਰਧਾਨ ਅਹੁਦੇ 'ਚ ਹੋਏ ਦਖਲ ਦਾ ਸਖਤ ਵਿਰੋਧ ਕਰਦੇ ਹੋਏ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਜੇਕਰ ਇਕ ਹਫਤੇ 'ਚ ਇਸ ਫੈਸਲੇ ਨੂੰ ਵਾਪਸ ਨਹੀਂ ਲਿਆ ਗਿਆ ਤਾਂ ਮਜਬੂਰਨ ਉਨ੍ਹਾਂ ਨੂੰ ਆਪਣਾ ਵਿਰੋਧ ਜਨਤਕ ਕਰਨਾ ਹੋਵੇਗਾ। ਮਾਮਲੇ ਬਾਰੇ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਪੰਜਾਬ 'ਚ 'ਆਪ' ਦੀਆਂ ਇਕਾਈਆਂ ਗਠਿਤ ਕਰਨ ਦਾ ਕਾਰਜ ਭਾਰ ਪੰਜਾਬ ਦੇ ਉਪ ਪ੍ਰਧਾਨ ਅਮਨ ਅਰੋੜਾ ਨੂੰ ਸੌਂਪਿਆ ਸੀ। ਅਰੋੜਾ ਬੀਤੀ ਰਾਤ ਅਮਰੀਕਾ ਚਲੇ ਗਏ ਹਨ ਤਾਂ ਕਿ ਜਦ ਤਕ ਉਹ ਵਾਪਸ ਆਉਣ, ਇਹ ਵਿਰੋਧ ਠੰਡਾ ਪੈ ਚੁੱਕਾ ਹੋਵੇ।
ਪਾਰਟੀ ਆਗੂਆਂ ਨੇ ਕਿਹਾ ਕਿ ਅਰੋੜਾ ਦੀ ਗੈਰ-ਹਾਜ਼ਰੀ 'ਚ ਇਸ ਮਾਮਲੇ 'ਚ ਭਗਵੰਤ ਮਾਨ ਨੂੰ ਵੀ ਮਿਲਿਆ ਜਾਵੇਗਾ ਅਤੇ ਜੇਕਰ ਕਿਸੇ ਨੇ ਇਸ ਮਾਮਲੇ 'ਚ ਕੋਈ ਸੁਣਵਾਈ ਨਹੀਂ ਕੀਤੀ ਤਾਂ ਫਿਰ ਮੀਡੀਆ ਦੇ ਸਾਹਮਣੇ ਸਾਰੇ ਕਾਲੇ ਚਿੱਠੇ ਖੋਲ੍ਹੇ ਜਾਣਗੇ, ਜਿਸ ਤੋਂ ਪਤਾ ਲੱਗ ਜਾਵੇਗਾ ਕਿ ਕੌਣ ਪ੍ਰਧਾਨਗੀ ਦੇ ਲਾਇਕ ਸੀ ਅਤੇ ਕਿਸ ਨੂੰ ਪ੍ਰਧਾਨਗੀ ਦਿੱਤੀ ਗਈ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਾਰਟੀ ਦੇ ਸਾਬਕਾ ਕਨਵੀਨਰ ਰਹੇ ਗੁਰਪ੍ਰੀਤ ਘੁੱਗੀ ਨੇ ਆਪਣੇ ਅਸਤੀਫੇ ਦੇ ਸਮੇਂ ਸਾਫ ਕਿਹਾ ਸੀ ਕਿ ਪੰਜਾਬ ਵਿਚ 'ਆਪ' ਆਗੂਆਂ ਦੀ ਇਕ ਨਹੀਂ ਚੱਲ ਰਹੀ, ਸਾਰੇ ਫੈਸਲੇ ਦਿੱਲੀ ਵਾਲੇ ਜਾਣ-ਬੁੱਝ ਕੇ ਪੰਜਾਬ ਇਕਾਈ 'ਤੇ ਥੋਪ ਰਹੇ ਹਨ ਪਰ ਇਸ ਵਿਰੋਧ ਦਾ ਪਾਰਟੀ 'ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ।
ਪਿਛਲੇ ਦਿਨੀਂ ਵਿਧਾਨ ਸਭਾ 'ਚ ਵਿਰੋਧੀ ਦਲ ਦੇ ਆਗੂ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਐੱਚ. ਐੱਸ. ਫੂਲਕਾ ਨੇ ਚਾਹੇ ਆਪਣੇ ਲੀਗਲ ਕੇਸਾਂ 'ਚ ਬਿਜ਼ੀ ਹੋਣ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਅੰਦਰਖਾਤੇ ਇਹੀ ਸਭ ਸੁਣਨ ਨੂੰ ਮਿਲਿਆ ਸੀ ਕਿ ਉਹ ਵੀ ਦਿੱਲੀ ਵਾਲਿਆਂ ਦੀਆਂ ਮਨਮਰਜ਼ੀਆਂ ਤੋਂ ਪਰੇਸ਼ਾਨ ਸਨ ਅਤੇ ਇਸ ਲਈ ਉਨ੍ਹਾਂ ਨੇ ਪਾਰਟੀ 'ਚ ਆਪਣੇ ਕਦਮ ਪਿੱਛੇ ਖਿੱਚੇ ਹਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਨੀਲਕੰਠ ਦੀ ਪ੍ਰਧਾਨਗੀ ਤੋਂ ਖਫਾ ਆਗੂ ਆਪਣੇ ਵਿਰੋਧ ਨੂੰ ਹਾਈਕਮਾਨ ਤਕ ਪਹੁੰਚਾਉਣ 'ਚ ਸਫਲ ਹੁੰਦੇ ਹਨ ਜਾਂ ਫਿਰ ਸਾਰਾ ਗੁੱਸਾ ਠੰਡੇ ਬਸਤੇ 'ਚ ਜਾਂਦਾ ਹੈ ਕਿਉਂਕਿ ਉਂਝ ਹੀ ਪਾਰਟੀ ਆਗੂਆਂ ਵਲੋਂ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਕੁਝ ਨਾ ਕਹਿਣ ਦਾ ਪ੍ਰਣ ਪਾਰਟੀ ਆਗੂਆਂ ਦੇ ਵਿਰੋਧ ਦਾ ਦਮ ਕੱਢ ਰਿਹਾ ਹੈ।


Related News