ਪੰਜਾਬ ''ਚ ਬਿਜਲੀ ਮੁੱਦੇ ਨੂੰ ਲੈ ਕੇ ''ਆਪ'' ਦੀ ਪ੍ਰੈੱਸ ਕਾਨਫਰੰਸ, ਚੰਨੀ ਸਰਕਾਰ ''ਤੇ ਲਾਏ ਰਗੜੇ
Tuesday, Nov 16, 2021 - 02:44 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਬਿਜਲੀ ਮੁੱਦੇ 'ਤੇ ਚੰਨੀ ਸਰਕਾਰ ਨੂੰ ਘੇਰਿਆ ਗਿਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਚੋਣਾਂ 'ਚ ਸਿਰਫ ਕੁੱਝ ਸਮਾਂ ਬਚਿਆ ਹੈ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਲਾਲੀਪਾਪ ਵੰਡੇ ਜਾ ਰਹੇ ਹਨ। ਅਮਨ ਅਰੋੜਾ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਚੰਨੀ ਸਰਕਾਰ ਵੱਲੋਂ ਬਿਜਲੀ ਸਮਝੌਤਿਆਂ 'ਤੇ ਜਾਰੀ ਕੀਤਾ ਗਿਆ ਵ੍ਹਾਈਟ ਪੇਪਰ ਸਿਰਫ ਝੂਠ ਦਾ ਪੁਲੰਦਾ ਹੈ।
ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਲੋਕਾਂ ਨੂੰ ਜਿਹੜੀ ਸਸਤੀ ਬਿਜਲੀ ਮੁਹੱਈਆ ਕਰਵਾਈ ਹੈ, ਉਹ ਲੋਕਾਂ ਦੇ ਸਿਰ ਹੀ ਪੈ ਜਾਣੀ ਹੈ ਕਿਉਂਕਿ ਪਾਵਰਕਾਮ 'ਤੇ ਪਹਿਲਾਂ ਹੀ ਬਹੁਤ ਕਰਜ਼ਾ ਚੜ੍ਹਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੂਰੇ ਪੰਜਾਬ ਨੂੰ ਦੀਵਾਲੀਆ ਕਰਨ 'ਤੇ ਲੱਗੀ ਹੋਈ ਹੈ ਅਤੇ ਸਿਰਫ ਸ਼ਗੂਫ਼ੇਬਾਜ਼ੀਆਂ ਹੀ ਚੱਲ ਰਹੀਆਂ ਹਨ। ਚੰਨੀ ਸਰਕਾਰ ਵੱਲੋਂ ਪੰਜਾਬੀਆਂ ਨੂੰ ਨੌਕਰੀਆਂ 'ਚ ਰਿਜ਼ਰਵੇਸ਼ਨ ਦੇਣ ਦੇ ਮਾਮਲੇ 'ਚ ਅਮਨ ਅਰੋੜਾ ਨੇ ਕਿਹਾ ਕਿ ਵੱਡੀ ਗਿਣਤੀ 'ਚ ਪੰਜਾਬ ਦਾ ਨੌਜਵਾਨ ਰੁਜ਼ਗਾਰ ਲਈ ਬਾਹਰ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ, ਪੰਜਾਬੀਆਂ ਨੂੰ ਨੌਕਰੀਆਂ 'ਚ ਰਾਖਵੇਂਕਰਨ ਬਾਰੇ ਹੋਵੇਗੀ ਚਰਚਾ
ਉਨ੍ਹਾਂ ਕਿਹਾ ਕਿ ਸਰਕਾਰ ਅਜੇ ਤੱਕ ਸਰਕਾਰੀ ਨੌਕਰੀਆਂ ਤਾਂ ਪੰਜਾਬੀਆਂ ਨੂੰ ਦੇ ਨਹੀਂ ਸਕੀ, ਫਿਰ ਪ੍ਰਾਈਵੇਟ ਨੌਕਰੀਆਂ ਕਿਵੇਂ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਸਾਰਾ ਸਿਸਟਮ ਸਿਰਫ ਵੋਟਾਂ ਖ਼ਾਤਰ ਹੀ ਬਣਾਇਆ ਜਾ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਜੇਕਰ ਪੰਜਾਬ ਦੀ ਆਰਥਿਕਤਾ ਨੂੰ ਵਧਾਉਣ ਹੈ ਤਾਂ ਹਰ ਬੱਚੇ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਨਗੇ 'ਨਵਜੋਤ ਸਿੱਧੂ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ