'ਆਪ' ਤੇ ਕਾਂਗਰਸ ਵੱਧ ਸਕਦੇ ਹਨ ਗਠਜੋੜ ਦੇ ਰਾਹ 'ਤੇ
Sunday, Jan 06, 2019 - 02:52 PM (IST)

ਜਲੰਧਰ (ਰਵਿੰਦਰ ਸ਼ਰਮਾ)— ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਮੇਤ ਹੋਰ ਸੂਬਿਆਂ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਗਠਜੋੜ ਦਾ ਰਾਹ ਹੁਣ ਖੁੱਲ੍ਹ ਸਕਦਾ ਹੈ। ਦੋਵਾਂ ਪਾਰਟੀਆਂ ਦੇ ਵੱਡੇ ਨੇਤਾ ਪਿਛਲੇ ਲੰਬੇ ਸਮੇਂ ਤੋਂ ਇਸ ਗਠਜੋੜ ਦੀਆਂ ਸੰਭਾਵਨਾਵਾਂ ਲੱਭਣ 'ਚ ਜੁਟੇ ਸਨ ਪਰ ਪਾਰਟੀ ਦੇ ਕੁਝ ਆਗੂ ਦੋਵਾਂ ਪਾਰਟੀਆਂ ਦਰਮਿਆਨ ਗਠਜੋੜ ਦੀ ਰਾਹ 'ਚ ਰੋੜਾ ਬਣ ਰਹੇ ਸਨ ਪਰ ਦਿੱਲੀ 'ਚ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਅਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਦੇ ਅਸਤੀਫੇ ਤੋਂ ਬਾਅਦ ਹੁਣ ਗਠਜੋੜ ਦਾ ਰਾਹ ਖੁੱਲ੍ਹਦਾ ਨਜ਼ਰ ਆ ਰਿਹਾ ਹੈ।
ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਕੁਝ ਪਾਜ਼ੀਟਿਵ ਖਿੱਚ-ਧੂਹ ਹੋਈ। ਇਕ ਪਾਸੇ ਅਜੇ ਮਾਕਨ ਨੇ ਦਿੱਲੀ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਦੂਜੇ ਪਾਸੇ ਐੱਚ. ਐੱਸ. ਫੂਲਕਾ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਦਿੱਤਾ। ਇਹ ਦੋਵੇਂ ਆਗੂ ਖਾਸ ਤੌਰ 'ਤੇ ਦਿੱਲੀ ਅਤੇ ਪੰਜਾਬ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਦਰਮਿਆਨ ਰੋੜਾ ਬਣੇ ਹੋਏ ਹਨ। ਦੋਵਾਂ ਆਗੂਆਂ ਦੇ ਅਸਤੀਫੇ ਤੋਂ ਬਾਅਦ ਹੁਣ ਗੱਠਜੋੜ ਦਾ ਰਾਹ ਆਸਾਨ ਹੁੰਦਾ ਨਜ਼ਰ ਆ ਰਿਹਾ ਹੈ।
ਦਿੱਲੀ 'ਚ ਜਿੱਥੇ ਅਜੇ ਮਾਕਨ ਗੱਠਜੋੜ ਦੇ ਵਿਰੋਧ 'ਚ ਆਵਾਜ਼ ਉਠਾ ਰਹੇ ਸਨ, ਉਥੇ 1984 ਦੇ ਦੰਗਿਆਂ ਨੂੰ ਲੈ ਕੇ ਪੰਜਾਬ 'ਚ ਫੂਲਕਾ ਗੱਠਜੋੜ ਦੇ ਹੱਕ ਵਿਚ ਨਹੀਂ ਸਨ। ਲੰਮੇ ਸਮੇਂ ਤੋਂ ਫੂਲਕਾ 1984 ਦੰਗਿਆਂ ਨੂੰ ਲੈ ਕੇ ਕਾਂਗਰਸ ਖਿਲਾਫ ਲੜਾਈ ਲੜ ਰਹੇ ਸਨ ਅਤੇ ਉਹ ਕਦੇ ਵੀ ਇਸ ਗੱਠਜੋੜ ਦੇ ਪੱਖ 'ਚ ਨਹੀਂ ਹੋ ਸਕਦੇ ਸਨ। ਫੂਲਕਾ ਹਮੇਸ਼ਾ ਕਾਂਗਰਸ ਹਾਈਕਮਾਨ 'ਤੇ ਦੋਸ਼ ਲਗਾਉਂਦੇ ਰਹੇ ਕਿ ਉਹ ਦੰਗਿਆਂ ਦੇ ਦੋਸ਼ੀ ਆਪਣੇ ਨੇਤਾਵਾਂ ਨੂੰ ਬਚਾਉਂਦੀ ਰਹੀ ਹੈ। ਇਹੀ ਨਹੀਂ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਤੱਕ ਦੀ ਮਹੱਤਵਪੂਰਨ ਲੜਾਈ ਫੂਲਕਾ ਨੇ ਹੀ ਲੜੀ ਸੀ। ਫੂਲਕਾ ਨੇ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੀ ਲੜਾਈ ਕਾਂਗਰਸ ਦੇ ਹੋਰ ਆਗੂ ਜਗਦੀਸ਼ ਟਾਈਟਲਰ ਅਤੇ ਕਮਲਨਾਥ ਨੂੰ ਸਜ਼ਾ ਦਿਵਾਉਣ ਤੱਕ ਜਾਰੀ ਰਹੇਗੀ।
ਕਾਂਗਰਸ ਦੇ ਨਾਲ ਜੇਕਰ ਆਮ ਆਦਮੀ ਪਾਰਟੀ ਗੱਠਜੋੜ ਦਾ ਰਸਤਾ ਅਪਨਾਉਂਦੀ ਹੈ ਤਾਂ ਫੂਲਕਾ ਆਮ ਆਦਮੀ ਪਾਰਟੀ ਨਾਲ ਚੱਲ ਨਹੀਂ ਸਕਣਗੇ ਪਰ ਇਸ ਤੋਂ ਪਹਿਲਾਂ ਹੀ ਨਾ ਸਿਰਫ ਫੂਲਕਾ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸਗੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਨੂੰ ਵੀ ਬਾਏ-ਬਾਏ ਕਹਿ ਦਿੱਤਾ ਹੈ।
ਦੂਜੇ ਪਾਸੇ ਅਜੇ ਮਾਕਨ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਖਿਲਾਫ ਰਹੇ ਹਨ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਅਜੇ ਮਾਕਨ ਸ਼ੁਰੂ ਤੋਂ ਹੀ 'ਆਪ' ਲੀਡਰਸ਼ਿਪ ਦੇ ਖਿਲਾਫ ਰਹੇ ਹਨ। ਕੁਝ ਅਜਿਹਾ ਹੀ ਹਾਲ ਦਿੱਲੀ 'ਚ ਮਾਕਨ ਦੇ ਨਾਲ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੇ ਰੂਪ 'ਚ ਮਾਕਨ ਖੁਦ ਸਿਆਸੀ ਹਾਸ਼ੀਏ 'ਤੇ ਜਾ ਸਕਦੇ ਹਨ, ਇਸ ਲਈ ਗੱਠਜੋੜ ਦੀ ਭਿਣਕ ਪੈਂਦਿਆਂ ਹੀ ਮਾਕਨ ਨੇ ਦਿੱਲੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਪਿਛਲੀ ਗੱਲ ਕਰੀਏ ਤਾਂ ਸਿਰਫ ਨਰਿੰਦਰ ਮੋਦੀ ਅਤੇ ਭਾਜਪਾ ਪਿਛਲੀਆਂ ਲੋਕ ਸਭਾ ਚੋਣਾਂ 'ਚ ਨਾ ਸਿਰਫ ਕਾਂਗਰਸ ਦੇ ਭ੍ਰਿਸ਼ਟਾਚਾਰ ਖਿਲਾਫ ਹਮਲਾ ਬੋਲ ਰਹੇ ਸਨ ਸਗੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਵੀ ਪੂਰੀ ਤਰ੍ਹਾਂ ਹਮਲਾਵਰ ਸਨ। ਇਹੀ ਕਾਰਨ ਹੈ ਕਿ 2014 ਲੋਕ ਸਭਾ ਚੋਣਾਂ 'ਚ ਕਾਂਗਰਸ ਦੇਸ਼ ਭਰ ਵਿਚ ਸਿਰਫ 44 ਸੀਟਾਂ 'ਤੇ ਹੀ ਸਿਮਟ ਗਈ ਸੀ। ਜੇਕਰ ਕਾਂਗਰਸ ਨੂੰ ਸਮੇਟਣ 'ਚ ਭਾਜਪਾ ਦਾ ਹੱਥ ਹੈ ਤਾਂ ਇਸ 'ਚ ਕੁਝ ਹੱਥ ਆਮ ਆਦਮੀ ਪਾਰਟੀ ਦਾ ਵੀ ਸੀ ਪਰ ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ ਮੌਜੂਦਾ ਹਾਲਾਤ 'ਚ ਭਾਜਪਾ ਦੇ ਰੱਥ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਗੱਠਜੋੜ ਦੇ ਪੱਖ 'ਚ ਨਜ਼ਰ ਆ ਰਹੇ ਹਨ।
ਗੱਠਜੋੜ ਵੱਲ ਵਧਦੇ ਕਦਮ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਨੇ ਨਾ ਸਿਰਫ ਰਾਜੀਵ ਗਾਂਧੀ ਕੋਲੋਂ ਭਾਰਤ ਰਤਨ ਵਾਪਸ ਲੈਣ ਦਾ ਪ੍ਰਸਤਾਵ ਵਾਪਸ ਲੈ ਲਿਆ ਸੀ ਸਗੋਂ ਅਜਿਹੇ ਕਿਸੇ ਵੀ ਰੈਜ਼ੂਲੇਸ਼ਨ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਾਵੇਂ ਪਾਰਟੀ ਦੇ ਇਸ ਫੈਸਲੇ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਅਲਕਾ ਲਾਂਬਾ ਨੇ ਵਿਰੋਧ ਕੀਤਾ ਸੀ। ਗੱਠਜੋੜ ਦੀ ਰਾਹ ਅਜੇ ਵੀ ਦਿੱਲੀ ਅਤੇ ਪੰਜਾਬ 'ਚ ਕੁਝ ਆਗੂਆਂ ਦੇ ਵਿਰੋਧ ਕਾਰਨ ਔਖੀ ਜਾਪਦੀ ਹੈ। ਪੰਜਾਬ 'ਚ ਅਜੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੱਠਜੋੜ ਦੇ ਪੱਖ ਵਿਚ ਨਹੀਂ ਹਨ ਅਤੇ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ ਪਰ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਦੇਸ਼ ਭਰ ਵਿਚ ਭਾਜਪਾ ਨੂੰ ਮਾਤ ਦੇਣ ਲਈ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਇਆ ਜਾਵੇ।