ਆਮ ਆਦਮੀ ਪਾਰਟੀ ਲਈ ਕੰਡਿਆਂ ਭਰਿਆ ਹੋਵੇਗਾ 2019 ਦਾ ਰਾਹ!

04/11/2018 5:27:11 AM

ਜਲੰਧਰ, (ਬੁਲੰਦ)- ਆਮ ਆਦਮੀ ਪਾਰਟੀ ਲਈ 2019 ਲੋਕ ਸਭਾ ਚੋਣਾਂ ਦੀ ਰਾਹ ਕੰਡਿਆਂ ਭਰੀ ਹੋ ਸਕਦੀ ਹੈ। ਪਾਰਟੀ ਲਈ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਲਗਾਤਾਰ ਅਜਿਹੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ ਕਿ ਲੋਕ ਸਭਾ ਚੋਣਾਂ ਤੱਕ ਪਾਰਟੀ ਲਈ ਉਮੀਦਵਾਰ ਲੱਭਣੇ ਔਖੇ ਹੋ ਸਕਦੇ ਹਨ। 
ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਭਾਵੇਂ ਵਿਰੋਧੀ ਧਿਰ ਦੇ ਤੌਰ 'ਤੇ ਆਮ ਆਦਮੀ ਪਾਰਟੀ ਨੇ ਪੈਰ ਜਮਾਏ ਹਨ ਪਰ ਉਸਦਾ ਕੋਈ ਲਾਭ ਮਿਲਦਾ ਆਮ ਆਦਮੀ ਪਾਰਟੀ ਨੂੰ ਨਜ਼ਰ ਨਹੀਂ ਆ ਰਿਹਾ। ਕਾਂਗਰਸ ਕੋਲੋਂ ਆਮ ਜਨਤਾ ਲਈ ਵਿਰੋਧੀ ਧਿਰ ਦੇ ਤੌਰ 'ਤੇ ਕੋਈ ਅਜਿਹਾ ਐਲਾਨ ਨਹੀਂ ਕਰਵਾ ਸਕੀ ਹੈ, ਜਿਸ ਤੋਂ ਇਹ ਕਿਹਾ ਜਾ ਸਕਦਾ ਕਿ ਪਾਰਟੀ ਵਿਧਾਨ ਸਭਾ ਵਿਚ ਸਰਕਾਰ 'ਤੇ ਦਬਦਬਾ ਬਣਾ ਕੇ ਕੰਮ ਕਰ ਰਹੀ ਹੈ। ਮਾਮਲੇ ਬਾਰੇ ਸਭ ਤੋਂ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਕਿ ਪਾਰਟੀ ਵਿਚ ਕਈ ਵਫਾਦਾਰ ਆਗੂ ਪਾਰਟੀ ਨੂੰ ਸਮੇਂ-ਸਮੇਂ 'ਤੇ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੁੰਦੇ ਜਾ ਰਹੇ ਹਨ। ਸ਼ਾਹਕੋਟ ਤੋਂ ਡਾ. ਅਮਰਜੀਤ ਸਿੰਘ ਥਿੰਦ ਦਾ ਅਕਾਲੀ ਦਲ ਵਿਚ ਜਾਣਾ ਬੇਹੱਦ ਹੈਰਾਨੀਜਨਕ ਰਿਹਾ। ਉਧਰ ਕੇਜਰੀਵਾਲ ਦੇ ਮੁਆਫੀਨਾਮੇ ਦੀ ਝੰਡੀ ਲਾ ਕੇ ਆਮ ਲੋਕਾਂ ਵਿਚ ਅਜਿਹੀ ਚਰਚਾ ਛੇੜ ਦਿੱਤੀ ਹੈ ਕਿ ਮੁਆਫੀਆਂ ਦਾ ਮਤਲਬ ਇਹ ਕੱਢਿਆ ਜਾਵੇ ਕਿ ਜੋ ਇਲਜ਼ਾਮ ਕੇਜਰੀਵਾਲ ਨੇ ਚੋਣਾਂ ਦੌਰਾਨ ਦੂਜੀਆਂ ਪਾਰਟੀਆਂ ਦੇ ਆਗੂਆਂ 'ਤੇ ਲਾਏ ਸਨ, ਉਹ ਸਾਰੇ ਝੂਠੇ ਸਨ। ਇਸ 'ਤੇ ਹੋਰ ਜੋ ਸੱਟ 'ਆਪ' ਆਗੂ ਕੇਜਰੀਵਾਲ ਦੀ ਮੁਆਫੀ 'ਤੇ ਲੱਗੀ, ਉਹ ਐੱਸ. ਟੀ. ਐੱਫ. ਪੰਜਾਬ ਦੀ ਰਿਪੋਰਟ ਨਾਲ ਲੱਗੀ, ਜਿਸ ਵਿਚ ਮਜੀਠੀਆ ਦਾ ਨਸ਼ਾ ਸਮੱਗਲਿੰਗ ਅਤੇ ਰੇਤ ਮਾਈਨਿੰਗ ਵਿਚ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਹਾ ਗਿਆ। ਲੋਕ ਸਾਫ ਕਹਿੰਦੇ ਸੁਣੇ ਜਾ ਰਹੇ ਹਨ ਕਿ ਕੇਜਰੀਵਾਲ ਜਿਨ੍ਹਾਂ ਮੁੱਦਿਆਂ 'ਤੇ ਮੁਆਫੀ ਮੰਗ ਰਹੇ ਹਨ, ਐੱਸ. ਟੀ. ਐੱਫ. ਉਨ੍ਹਾਂ ਮਾਮਲਿਆਂ 'ਤੇ ਮਜੀਠੀਆ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੀ ਹੈ। ਇਸ ਤੋਂ ਸਾਫ ਹੈ ਕਿ ਕੇਜਰੀਵਾਲ ਸਿਰਫ ਖੁਦ ਦੇ ਲਾਭ ਹਾਨੀ ਨੂੰ ਪਹਿਲਾਂ ਦੇਖਦੇ ਹਨ ਤੇ ਆਪਣੀ ਪਾਰਟੀ ਜਾਂ ਆਪਣੇ ਵਰਕਰਾਂ ਨੂੰ ਪਿੱਛੇ ਰੱਖਦੇ ਹਨ। 
ਮਾਮਲੇ ਬਾਰੇ ਪਾਰਟੀ ਦੇ ਅੰਦਰੂਨੀ ਜਾਣਕਾਰਾਂ ਦੀ ਮੰਨੀਏ ਤਾਂ 'ਆਪ' ਪਾਰਟੀ ਲਈ ਆਉਣ ਵਾਲੇ ਦਿਨਾਂ ਵਿਚ ਹੋਰ ਕਈ ਝਟਕੇ ਲੱਗ ਸਦੇ ਹਨ। ਪਾਰਟੀ ਦੇ ਕਈ ਮਹਾਰਥੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਸੰਪਰਕ ਵਿਚ ਹਨ ਤੇ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਜੇਕਰ ਕੇਜਰੀਵਾਲ ਵਲੋਂ ਪੰਜਾਬ ਇਕਾਈ ਨੂੰ ਮਜ਼ਬੂਤ ਬਣਾਉਣ ਲਈ ਕੋਈ ਅਹਿਮ ਕਦਮ ਨਹੀਂ ਉਠਾਉਂਦੇ ਤਾਂ ਇਸ ਨਾਲ ਪਾਰਟੀ ਨੂੰ ਅਗਲੀਆਂ ਲੋਕ ਸਭਾ ਚੋਣਾਂ ਲਈ ਕੰਡਿਆਂ ਭਰੀ ਰਾਹ 'ਤੇ ਚੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਮਾਮਲਿਆਂ ਬਾਰੇ ਪੰਜਾਬ ਦੇ ਮੀਤ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਕੇਜਰੀਵਾਲ ਨਾਲ ਮੁਲਾਕਾਤ ਕਰ ਕੇ ਸਾਰੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਜਾਵੇਗਾ।


Related News