ਭਗਵੰਤ ਮਾਨ ਦੀਆਂ ਕੇਂਦਰ ਨੂੰ ਖਰੀਆਂ-ਖਰੀਆਂ, ਕਿਹਾ ਮੋਦੀ ਸਰਕਾਰ ਨੇ ਬਣਾਇਆ ਇਹ ਰਿਕਾਰਡ

Wednesday, Dec 16, 2020 - 08:09 PM (IST)

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਸਰਦ ਰੁੱਤ ਸੰਸਦ ਸ਼ੈਸਨ ਨਾ ਬੁਲਾਉਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਮਾਨ ਨੇ ਕਿਹਾ ਕਿ ਅਸਲ ਵਿਚ ਮੋਦੀ ਸਰਕਾਰ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ। ਇਥੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਦੇ ਚਲਦਿਆਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਦਬਾਅ ਤੋਂ ਡਰਦਿਆਂ ਚਰਚਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਸਲਿਆਂ 'ਤੇ ਸੰਸਦ ਵਿਚ ਜਵਾਬ ਦੇਣ ਦੀ ਬਜਾਏ ਮੋਦੀ ਸਰਕਾਰ ਕੋਵਿਡ ਦੀ ਆੜ ਵਿਚ ਸਰਦ ਰੁੱਤ ਦਾ ਸੈਸ਼ਨ ਹੀ ਨਾ ਬੁਲਾਉਣਾ ਹੀ ਠੀਕ ਸਮਝਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਨੇ ਸੰਸਦ ਵਿਚ ਜ਼ਬਰਦਸਤੀ ਕਾਨੂੰਨ ਪਾਸ ਕਰਨੇ ਸਨ ਤਾਂ ਕੋਰੋਨਾ ਸਮੇਂ ਵੀ ਸੈਸ਼ਨ ਬੁਲਾਇਆ ਜਾ ਸਕਦਾ ਹੈ, ਪ੍ਰੰਤੂ ਜਦੋਂ ਹੁਣ ਕਿਸਾਨਾਂ ਵਲੋਂ ਆਪਣੀ ਹੋਂਦ ਬਚਾਉਣ ਲਈ ਲੜੇ ਜਾ ਰਹੇ ਅੰਦੋਲਨ ਦੇ ਚਲਦਿਆਂ ਸੰਸਦ ਵਿਚ ਘਿਰਨ ਦਾ ਡਰ ਹੈ ਤਾਂ ਸਵਾਲਾਂ ਦਾ ਜਵਾਬ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ

ਸੰਸਦ ਮੈਂਬਰ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਜਦੋਂ ਦੀ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਇਸ ਦਾ ਇਹ ਰਿਕਾਰਡ ਰਿਹਾ ਹੈ ਕਿ ਹਮੇਸ਼ਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਦੀ ਰਹੀ ਹੈ। ਸਰਕਾਰ ਨੇ ਹਮੇਸ਼ਾਂ ਅਜਿਹੇ ਹੱਥਕੰਢੇ ਵਰਤੇ ਹਨ ਜੋ ਦੇਸ਼ ਲਈ ਘਾਤਕ ਸਿੱਧ ਹੋਏ ਹਨ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਵਲੋਂ ਨਵੇਂ ਸੰਸਦ ਭਵਨ ਦੇ ਰੱਖੇ ਨੀਂਹ ਪੱਥਰ 'ਤੇ ਬੋਲਦਿਆਂ ਮਾਨ ਨੇ ਕਿਹਾ ਕਿ ਜੇਕਰ ਲੋਕਤੰਤਰ ਵਿਰੋਧੀ ਮੋਦੀ ਸਰਕਾਰ ਨੇ ਸੰਸਦ ਬੰਦ ਹੀ ਰੱਖਣੀ ਹੈ ਤਾਂ ਫੇਰ ਹਜ਼ਾਰ ਕਰੋੜ ਰੁਪਏ ਖਰਚ ਕਰਕੇ ਨਵੇਂ ਭਵਨ ਬਣਾਉਣ ਦਾ ਕੀ ਲਾਭ ਹੈ? ਮਾਨ ਨੇ ਕਿਹਾ ਕਿ ਮੋਦੀ ਸਰਕਾਰ ਜਿੱਥੇ ਪਹਿਲਾਂ ਸੰਵਿਧਾਨਕ ਰਾਹੀਂ ਮਿਲੇ ਸ਼ਾਂਤੀਪੂਰਕ ਪ੍ਰਦਰਸ਼ਨ ਕਰਨ ਦਾ ਅਧਿਕਾਰ ਖੋਹ ਰਹੀ ਹੈ, ਹੁਣ ਉਥੇ ਸਵਾਲਾਂ ਦਾ ਜਵਾਬ ਦੇਣ ਤੋਂ ਵੀ ਭੱਜ ਰਹੀ ਹੈ। ਮੋਦੀ ਸਰਕਾਰ ਅਸਲ ਵਿਚ ਲੋਕਤੰਤਰਿਕ ਦੇਸ਼ ਨੂੰ ਇਕ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪੰਜਾਬ ਭਾਜਪਾ ਵੀ ਹੋਈ ਸਰਗਰਮ, ਸ਼ਵੇਤ ਮਲਿਕ ਨੇ ਆਖੀ ਵੱਡੀ ਗੱਲ

ਨੋਟ : ਕੀ ਭਗਵੰਤ ਮਾਨ ਦੇ ਇਸ ਬਿਆਨ ਨਾਲ ਤੁਸੀਂ ਸਹਿਮਤ ਹੋ? ਕੁਮੈਂਟ ਕਰਕੇ ਦੱਸੋ।

Gurminder Singh

Content Editor

Related News