ਜ਼ੀਰਕਪੁਰ ''ਚ ਵਿਧਾਇਕ ਨੇ 3 ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ

Saturday, Jan 28, 2023 - 01:47 PM (IST)

ਜ਼ੀਰਕਪੁਰ ''ਚ ਵਿਧਾਇਕ ਨੇ 3 ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ

ਜ਼ੀਰਕਪੁਰ (ਮੇਸ਼ੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ 'ਚ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ 400 ਹੋਰ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਹੈ। ਇਸ ਅਨੁਸਾਰ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਨੇੜਲੇ ਪਿੰਡ ਬਲਟਾਣਾ, ਪ੍ਰੀਤ ਕਲੋਨੀ ਅਤੇ ਪਿੰਡ ਪੰਡਵਾਲਾ ਵਿੱਚ ਲੋਕਾਂ ਦੀ ਸੇਵਾ ਲਈ 3 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲਾਂ ਆਜ਼ਾਦੀ ਦਿਵਸ ਮੌਕੇ ਅਤੇ ਹੁਣ ਗਣਤੰਤਰ ਦਿਹਾੜੇ ਤੋਂ ਅਗਲੇ ਦਿਨ ਸੈਂਕੜੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਕੇ ਇਤਿਹਾਸ ਰਚਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾਬੱਸੀ ਵਿਧਾਨ ਸਭਾ ਹਲਕੇ ਵਿੱਚ 8 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ੀਰਕਪੁਰ ਸ਼ਹਿਰ ਦੇ ਪੀਰਮੁਛੱਲਾ ਵਿੱਚ ਇੱਕ ਕਲੀਨਿਕ ਖੋਲ੍ਹਿਆ ਗਿਆ ਹੈ, ਜੋ ਸਫ਼ਲਤਾ ਪੂਰਵਕ ਚੱਲ ਰਿਹਾ ਹੈ ਅਤੇ ਇਲਾਕੇ ਦੇ ਸੈਂਕੜੇ ਲੋਕ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ। ਵਿਧਾਇਕ ਰੰਧਾਵਾ ਨੇ ਕਿਹਾ ਕਿ ਸੂਬੇ ਦੀ ਸਰਕਾਰ ਲੋਕਾਂ ਨੂੰ ਸਮੂਹ ਸਹੂਲਤਾਂ ਦੇਣ ਲਈ ਵਚਨਬੱਧ ਹੈ।

ਰੰਧਾਵਾ ਨੇ ਕਿਹਾ ਕਿ ਲੋਕਾਂ ਨੂੰ ਜੋ ਵੀ ਗਾਰੰਟੀ ਦਿੱਤੀ ਗਈ ਸੀ, ਉਨ੍ਹਾਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਇਹ ਕਲੀਨਿਕ ਖੋਲ੍ਹੇ ਜਾ ਰਹੇ ਹਨ। ਮਰੀਜ਼ਾਂ ਦੇ ਇਲਾਜ ਅਤੇ ਬਿਮਾਰੀਆਂ ਦੀ ਜਾਂਚ ਲਈ ਹਰ ਆਮ ਆਦਮੀ ਕਲੀਨਿਕ ਵਿੱਚ ਐੱਮ. ਬੀ. ਬੀ. ਐੱਸ. ਡਾਕਟਰ, ਫਾਰਮਾਸਿਸਟ, ਨਰਸਾਂ ਅਤੇ ਹੋਰ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਦਵਾਈਆਂ ਅਤੇ ਕਲੀਨਿਕਲ ਜਾਂਚ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆ। ਇਸ ਮੌਕੇ ਐੱਸ. ਡੀ. ਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ।


author

Babita

Content Editor

Related News