ਪਿੰਡ ਦੇ ਗੁਰੂ ਘਰ 'ਚ ਨੌਜਵਾਨ ਭੁੱਲਿਆ ਮਰਿਆਦਾ, ਔਰਤ ਨਾਲ ਪਾ ਲਿਆ ਰੌਲਾ, ਘਟਨਾ ਦੀ CCTV ਆਈ ਸਾਹਮਣੇ (ਵੀਡੀਓ)

Friday, Oct 13, 2023 - 11:56 AM (IST)

ਖਮਾਣੋਂ (ਜਟਾਣਾ) : ਪਿੰਡ ਸਿੱਧੂ ਪੁਰ ਕਲਾਂ ਵਿਖੇ ਪਿੰਡ ਦੇ ਗੁਰੂ ਘਰ ’ਚ ਮਰਿਆਦਾ ਭੁੱਲਦਿਆਂ ਅਤੇ ਬਿਨਾਂ ਕਿਸੇ ਡਰ ਭੈਅ ਤੋਂ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਇਕ ਔਰਤ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸਿੱਧੂਪੁਰ ਕਲਾਂ ਦੀ ਪੀੜਤ ਔਰਤ ਮਨਦੀਪ ਕੌਰ ਨੇ ਸੰਘੋਲ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇਕ ਪਰਿਵਾਰ ਦੇ ਤਿੰਨ ਜੀਆਂ ਨੇ ਗੁਰਦੁਆਰਾ ਸਾਹਿਬ ’ਚ ਉਸ ਨਾਲ ਕੁੱਟਮਾਰ, ਮੰਦੀ ਸ਼ਬਦਾਵਲੀ ਅਤੇ ਮੰਦਾ ਵਰਤਾਰਾ ਕੀਤਾ ਹੈ। ਇਸ ਸਬੰਧੀ ਮਨਦੀਪ ਕੌਰ ਦੇ ਪਤੀ ਅਮਨਦੀਪ ਸਿੰਘ ਦੱਸਿਆ ਕਿ ਸਾਡੇ ਪਿੰਡ ਦਾ ਇਕ ਮੁੰਡਾ ਆਨੇ-ਬਹਾਨੇ ਉਨ੍ਹਾਂ ਦੇ ਘਰ ਆਉਂਦਾ ਸੀ ਤੇ ਗਲਤ ਹਰਕਤਾਂ ਕਰਦਾ ਸੀ।

ਇਹ ਵੀ ਪੜ੍ਹੋ : ਸਹੁਰੇ ਪਾਰ ਕਰ ਗਏ ਸਭ ਹੱਦਾਂ, ਮਾਰ ਛੱਡੀ ਕਮਾਊ ਨੂੰਹ, ਧੀ ਦਾ ਹਾਲ ਦੇਖ ਪਿਓ ਦੀਆਂ ਨਿਕਲੀਆਂ ਧਾਹਾਂ

ਇਸ ਬਾਰੇ ਉਸ ਦੇ ਪਿਤਾ ਨੂੰ ਉਲਾਂਭਾ ਦਿੱਤਾ ਤਾਂ ਉਨ੍ਹਾਂ ਗਲਤੀ ਮੰਨਦਿਆਂ ਆਪਣੇ ਮੁੰਡੇ ਨੂੰ ਸਮਝਾਉਣ ਦੀ ਗੱਲ ਕਹੀ। ਅਮਨਦੀਪ ਸਿੰਘ ਅਨੁਸਾਰ ਉਕਤ ਵਿਅਕਤੀ ਰਸਤੇ ’ਚ ਰੋਕ ਕੇ ਉਸ ਨੂੰ ਕਹਿਣਾ ਲੱਗਾ ਕਿ ਤੁਸੀਂ ਮੇਰੇ ’ਤੇ ਗਲਤ ਦੋਸ਼ ਲਗਾ ਰਹੇ ਹੋ, ਜਿਸ ਬਾਰੇ ਗੁਰਦੁਆਰਾ ਸਾਹਿਬ ’ਚ ਸਹੁੰ ਚੁੱਕੋ ਤਾਂ ਇਸ ਮਾਮਲੇ ਦੀ ਸੱਚਾਈ ਜਾਨਣ ਲਈ ਜਦੋਂ ਸਾਰੇ ਗੁਰਦੁਆਰਾ ਸਾਹਿਬ ਇਕੱਤਰ ਹੋਏ ਤਾਂ ਉਕਤ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਮੰਦਾ ਬੋਲਦਿਆਂ ਉਸ ਨਾਲ ਅਤੇ ਉਸ ਦੀ ਪਤਨੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਕੁੱਟਮਾਰ ਕੀਤੀ। ਅਮਨਦੀਪ ਸਿੰਘ ਨੇ ਕਿਹਾ ਕਿ ਇਸ ਝਗੜੇ ਮੌਕੇ ਦੂਜੀ ਧਿਰ ਨੇ ਉਸ ਦੇ ਕੇਸ-ਦਾੜ੍ਹੀ ਪੁੱਟੀ ਅਤੇ ਪਤਨੀ ਦੇ ਕੱਪੜੇ ਪਾੜ ਦਿੱਤੇ। ਉਕਤ ਘਟਨਾ ਉੱਥੇ ਲੱਗੇ ਨਿਗਰਾਨ ਕੈਮਰਿਆਂ ’ਚ ਕੈਦ ਹੋ ਗਈ। ਪੀੜਤ ਧਿਰ ਵਲੋਂ ਮਾਮਲੇ ਬਾਰੇ ਸਬੰਧਤ ਪੁਲਸ ਨੂੰ ਜਾਣੂੰ ਕਰਵਾਇਆ ਗਿਆ।

ਇਹ ਵੀ ਪੜ੍ਹੋ : ਤੀਹਰੇ ਕਤਲਕਾਂਡ ਨਾਲ ਕੰਬਿਆ ਪੰਜਾਬ, ਭਰਾ-ਭਰਜਾਈ ਦਾ ਕਤਲ ਕਰ ਜ਼ਿੰਦਾ ਭਤੀਜੇ ਨਾਲ ਕੀਤਾ ਵੱਡਾ ਕਾਰਾ (ਵੀਡੀਓ)

ਅਮਨਦੀਪ ਸਿੰਘ ਨੇ ਕਿਹਾ ਕਿ ਕਾਰਵਾਈ ਦੀ ਮੰਗ ਨੂੰ ਲੈ ਕੇ ਆਪਣੇ ਪਰਿਵਾਰਕ ਸਾਥੀਆਂ ਨਾਲ 5-6 ਵਾਰ ਥਾਣੇ ਗਿਆ ਪਰ ਉਨ੍ਹਾਂ ਦੀ ਕੋਈ ਸੁਣਵਾਈ ਕਰਨ ਦੀ ਥਾਂ ਪੁਲਸ ਫ਼ੈਸਲਾ ਕਰਨ ਲਈ ਦਬਾਅ ਬਣਾ ਰਹੀ ਹੈ। ਅਮਨਦੀਪ ਸਿੰਘ ਨੇ ਦਾਅਵਾ ਕੀਤਾ ਕਿ ਪੁਲਸ ਨੇ ਇੰਨੇ ਦਿਨ ਬੀਤ ਜਾਣ ਦੌਰਾਨ ਮੌਕਾ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ। ਪੀੜਤ ਧਿਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਜਦੋਂ ਇਸ ਸਾਰੇ ਮਾਮਲੇ ਬਾਰੇ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦਾ ਝਗੜਾ ਹੋਇਆ ਸੀ, ਜਿਸ ਲਈ ਦੋਹਾਂ ਧਿਰਾਂ ਨੂੰ ਪੁਲਸ ਸਟੇਸ਼ਨ ਬੁਲਾਇਆ ਗਿਆ ਸੀ, ਜਿੱਥੇ ਦੋਹਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਲਿਖਤੀ ਰੂਪ ’ਚ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ ਪਰ ਦੋਵੇਂ ਧਿਰਾਂ ਬੁਲਾਉਣ ਦੇ ਬਾਵਜੂਦ ਵੀ ਮੁੜ ਪੁਲਸ ਥਾਣੇ ਨਹੀਂ ਆਈਆਂ। ਇਸ ਮਾਮਲੇ ਦੀ ਪੁਲਸ ਪੜਤਾਲ ਕਰ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News