ਚੱਲਦੇ ਈ-ਰਿਕਸ਼ਾ ’ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ
Monday, Jun 12, 2023 - 09:43 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਅੱਜ ਸਵੇਰੇ ਟਾਂਡਾ ਫਲਾਈਓਵਰ ਪੁਲ ਦੇ ਉਪਰ ਚੱਲਦੇ ਈ-ਰਿਕਸ਼ਾ ’ਚ ਇਕ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ, ਜਿਸ ਤੋਂ ਬਾਅਦ ਮਾਂ ਅਤੇ ਬੱਚੇ ਨੂੰ ਸੀ. ਐੱਚ. ਸੀ. ਟਾਂਡਾ ਵਿਖੇ ਦਾਖ਼ਲ ਕਰਵਾਇਆ ਗਿਆ। ਬੱਚੇ ਨੂੰ ਜਨਮ ਦੇਣ ਵਾਲੀ ਪ੍ਰਵਾਸੀ ਮਜ਼ਦੂਰ ਔਰਤ ਸਮਿੱਤਰੀ ਦੇਵੀ ਪਤਨੀ ਸੁਨੀਲ ਮਹਿਤੋ ਦੀ ਸੱਸ ਅਨੀਤਾ ਦੇਵੀ ਵਾਸੀ ਜਾਜਾ ਨੇ ਦੱਸਿਆ ਕਿ ਉਹ ਆਪਣੀ ਨੂੰਹ ਨੂੰ ਅਚਾਨਕ ਜਣੇਪੇ ਦਾ ਦਰਦ ਹੋਣ ਕਾਰਨ ਹਸਪਤਾਲ ’ਚ ਲਿਜਾ ਰਹੀ ਸੀ। ਜਦੋਂ ਉਹ ਟਾਂਡਾ ਰੇਲਵੇ ਫਲਾਈਓਵਰ ਬ੍ਰਿਜ ’ਤੇ ਸਨ, ਸਮਿੱਤਰੀ ਨੂੰ ਗੰਭੀਰ ਜਣੇਪੇ ਦਾ ਦਰਦ ਹੋਇਆ ਅਤੇ ਇਸ ਤੋਂ ਤੁਰੰਤ ਬਾਅਦ ਉਸ ਨੇ ਚੱਲਦੇ ਈ-ਰਿਕਸ਼ਾ ’ਚ ਬੱਚੇ ਨੂੰ ਜਨਮ ਦਿੱਤਾ। ਖੁਸ਼ਕਿਸਮਤੀ ਨਾਲ, ਉਹ ਹਸਪਤਾਲ ਦੇ ਬਹੁਤ ਨੇੜੇ ਆ ਗਏ ਸਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ
ਜੱਚਾ-ਬੱਚਾ ਦੋਵੇਂ ਠੀਕ ਹਨ : ਹਸਪਤਾਲ ਪਹੁੰਚਦਿਆਂ ਹੀ ਸਟਾਫ਼ ਨੇ ਈ-ਰਿਕਸ਼ਾ ਚਾਲਕ ਅਸ਼ੋਕ ਕੁਮਾਰ ਫ਼ੌਜੀ ਦੀ ਮਦਦ ਨਾਲ ਜੱਚਾ-ਬੱਚਾ ਨੂੰ ਐਮਰਜੈਂਸੀ ਵਿੰਗ ’ਚ ਪਹੁੰਚਾਇਆ ਅਤੇ ਦੋਵਾਂ ਨੂੰ ਡਾ. ਪ੍ਰੀਤ ਕਮਲ ਨੇ ਤੁਰੰਤ ਡਾਕਟਰੀ ਸਹਾਇਤਾ ਦਿੱਤੀ। ਇਸ ਦੌਰਾਨ ਡਾਕਟਰ ਨੇ ਦੱਸਿਆ ਕਿ ਮਾਂ ਅਤੇ ਬੱਚਾ ਠੀਕ ਹਨ। ਉਨ੍ਹਾਂ ਦੱਸਿਆ ਕਿ ਇਸ ਔਰਤ ਦਾ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ ਅਤੇ ਡਾਕਟਰ ਨੇ ਉਸ ਦੀ ਡਲਿਵਰੀ ਦੀ ਮਿਤੀ 13 ਜੂਨ ਦੱਸੀ ਸੀ। ਇਸ ਦੌਰਾਨ ਅਚਾਨਕ ਪ੍ਰਸੂਤਾ ਦਰਦ ਹੋਣ ਕਾਰਨ ਉਹ ਹਸਪਤਾਲ ਆ ਰਹੀ ਸੀ। ਹੁਣ ਮਾਂ ਅਤੇ ਬੱਚੇ ਨੂੰ ਵਿਸ਼ੇਸ਼ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼